ਨਵੀਂ ਦਿੱਲੀ, 12 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੇ ਵਿਸਤਾਰ ਉਤੇ ਜ਼ੋਰ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਅੱਜ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਇਜ਼ ਇਨਾਸਿਓ ਲੂਲਾ ਦਾ ਸਿਲਵਾ ਨੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਚਾਰਾਂ ਵਰਗੀ ਹੀ ਰਾਇ ਜ਼ਾਹਿਰ ਕੀਤੀ ਹੈ। ਉਨ੍ਹਾਂ ਵੀ ਸੰਯੁਕਤ ਰਾਸ਼ਟਰ ਦੀ ਇਸ ਤਾਕਤਵਰ ਇਕਾਈ ਵਿਚ ਸੁਧਾਰਾਂ ਦਾ ਸੱਦਾ ਦਿੱਤਾ ਹੈ ਤਾਂ ਕਿ ਇਹ ਵਰਤਮਾਨ ਸਮੇਂ ਦੀਆਂ ਅਸਲੀਅਤਾਂ ਮੁਤਾਬਕ ਬਣ ਸਕੇ। ਜ਼ਿਕਰਯੋਗ ਹੈ ਕਿ ਜੀ-20 ਦੀ ਅਗਵਾਈ ਹੁਣ ਬ੍ਰਾਜ਼ੀਲ ਨੂੰ ਸੌਂਪੀ ਗਈ ਹੈ। ਲੂਲਾ ਡਾ ਸਿਲਵਾ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਆਪਣੀ ਪ੍ਰਧਾਨਗੀ ਦੌਰਾਨ ਬਰਾਬਰੀ ਦੇ ਮੁੱਦੇ ਨੂੰ ‘ਬੁਨਿਆਦੀ ਮੁੱਦਾ’ ਬਣਾਉਣਾ ਚਾਹੇਗਾ। ਲੂਲਾ ਨੇ ਕਿਹਾ, ‘ਬਹੁਤ ਜ਼ਿਆਦਾ ਨਾ-ਬਰਾਬਰੀ ਹੈ ਤੇ ਦੁਨੀਆ ਨੂੰ ਸੰਪਤੀ ਦੀ ਵੰਡ ਦੇ ਮਾਮਲੇ ਵਿਚ ਹੋਰ ਤਵਾਜ਼ਨ ਬਿਠਾਉਣ ਦੀ ਲੋੜ ਹੈ।’ ਰਾਸ਼ਟਰਪਤੀ ਨੇ ਭਾਰਤ ਨੂੰ ਜੀ-20 ਦੀ ਯੋਗ ਅਗਵਾਈ ਲਈ ਵਧਾਈ ਵੀ ਦਿੱਤੀ। ਲੂਲਾ ਨੇ ਕਿਹਾ ਕਿ ਭਾਰਤ ਵਾਂਗ ਬ੍ਰਾਜ਼ੀਲ ਵੀ ਜੀ20 ਸਮਾਗਮਾਂ ਲਈ ਕਈ ਸ਼ਹਿਰਾਂ ਦੀ ਵਰਤੋਂ ਕਰੇਗਾ ਤੇ ਇਸ ਨੂੰ ਲੋਕਾਂ ਦਾ ਸੰਮੇਲਨ ਬਣਾਇਆ ਜਾਵੇਗਾ ਜੋ ਕਿ ਹੋਰ ਵੀ ਵੱਧ ਲੋਕਤੰਤਰਿਕ ਹੋਵੇਗਾ। ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸੰਮੇਲਨ ਵਿਚ ਹਿੱਸਾ ਕਿਉਂ ਨਹੀਂ ਲਿਆ ਪਰ ਉਨ੍ਹਾਂ ਨੂੰ ਬ੍ਰਾਜ਼ੀਲ ਆਉਣ ਦਾ ਸੱਦਾ ਦਿੱਤਾ ਜਾਵੇਗਾ ਤੇ ਆਸ ਹੈ ਕਿ ਉਹ ਆਉਣਗੇ। ਲੂਲਾ ਨੇ ਵਿਸ਼ਵ ਬੈਂਕ ਵਿਚ ਵੀ ਸੁਧਾਰਾਂ ਦਾ ਸੱਦਾ ਦਿੱਤਾ ਤਾਂ ਕਿ ਇਹ ਹੋਰ ਬਿਹਤਰ ਢੰਗ ਨਾਲ ਵਿਕਾਸਸ਼ੀਲ ਮੁਲਕਾਂ ਦੀ ਤਰਜਮਾਨੀ ਕਰ ਸਕੇ। ਲੂਲਾ ਨੇ ਦਿੱਲੀ ਐਲਾਨਨਾਮੇ ਵਿਚ ਯੂਕਰੇਨ ਮੁੱਦੇ ਉਤੇ ਬਣੀ ਸਹਿਮਤੀ ਦੀ ਵੀ ਸ਼ਲਾਘਾ ਕੀਤੀ।