ਸਾਓ ਪਾਓਲੋ, 24 ਮਾਰਚ
ਬ੍ਰਾਜ਼ੀਲ ਦੇ ਚੋਟੀ ਦੇ ਫੁਟਬਾਲ ਕਲੱਬਾਂ ਨੇ ਕਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ ਮਦਦ ਕਰਨ ਲਈ ਆਪਣੇ ਸਟੇਡੀਅਮ ਸਿਹਤ ਵਿਭਾਗ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੈ, ਜਿਨ੍ਹਾਂ ਵਿੱਚ ਫੀਲਡ ਹਸਪਤਾਲ ਅਤੇ ਕਲੀਨਿਕ ਬਣਾਏ ਜਾ ਸਕਦੇ ਹਨ।
ਦੇਸ਼ ਵਿੱਚ ਫੁਟਬਾਲ ਨੂੰ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਅਜਿਹੇ ਹਾਲਾਤ ਵਿੱਚ ਬ੍ਰਾਜ਼ੀਲੀ ਸੇਰੀ ‘ਏ’ ਦੇ ਅੱਧੇ ਤੋਂ ਵੱਧ ਕਲੱਬਾਂ ਨੇ ਆਪਣੇ ਸਟੇਡੀਅਮ ਸਿਹਤ ਵਿਭਾਗ ਨੂੰ ਦੇ ਦਿੱਤੇ ਹਨ ਤਾਂ ਕਿ ਮੌਜੂਦਾ ਹਾਲਾਤ ਨਾਲ ਸਿੱਝਣ ਲਈ ਹਸਪਤਾਲਾਂ ਦੀ ਸਮਰੱਥਾ ਵਧਾਈ ਜਾ ਸਕੇ। ਦੱਖਣੀ ਅਮਰੀਕਾ ਦੇ ਮੌਜੂਦਾ ਚੈਂਪੀਅਨ ਫਲੈਮੈਂਗੋ ਨੇ ਮਾਰਕਾਨਾ ਸਟੇਡੀਅਮ ਸਿਹਤ ਵਿਭਾਗ ਨੂੰ ਦਿੱਤਾ ਹੈ। ਕਲੱਬ ਦੇ ਪ੍ਰਧਾਨ ਰੋਡੋਲਫੋ ਲੈਂਡਿਮ ਨੇ ਕਿਹਾ, ‘‘ਦੁੱਖ ਦੀ ਇਸ ਘੜੀ ਵਿੱਚ ਮੈਂ ਆਪਣੇ ਦੇਸ਼ ਵਾਸੀਆਂ ਨੂੰ ਉਮੀਦ ਦੀ ਇੱਕ ਕਿਰਨ ਦੇਣੀ ਚਾਹੁੰਦਾ ਹਾਂ। ਸਾਨੂੰ ਆਪਣੇ ਬਜ਼ੁਰਗਾਂ ਅਤੇ ਲੋੜਵੰਦਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ।” ਇਸੇ ਤਰ੍ਹਾਂ ਪੇਕਾਐਂਬੂ ਮਿਉਂਸਪਲ ਸਟੇਡੀਅਮ ਵਿਚ ਵੀ 200 ਬੈੱਡ ਲਾ ਕੇ ਉਸ ਨੂੰ ਫੀਲਡ ਹਸਪਤਾਲ ਬਣਾਇਆ ਗਿਆ ਹੈ। ਸਾਂਤੋਸ ਨੇ ਦੱਸਿਆ ਕਿ ਵਿਲਾ ਬੇਲਮੀਰੋ ਸਟੇਡੀਅਮ ਦੇ ਅੰਦਰ ਵੀ ਇੱਕ ਅਸਥਾਈ ਕਲੀਨਿਕ ਬਣਾਇਆ ਜਾਵੇਗਾ। ਬ੍ਰਾਜ਼ੀਲ ਵਿੱਚ ਹੁਣ ਤੱਕ ਕੋਵਿਡ-19 ਦੇ 1128 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 18 ਜਾਨਾਂ ਜਾ ਚੁੱਕੀਆਂ ਹਨ।