ਬਟਾਲਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਨੂੰ ਪਾਰਟੀ ਲਈ ਵੱਡਾ ਘਾਟਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਤੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਅਸਤੀਫ਼ਾ ਪਾਰਟੀ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸੀ। ਸ੍ਰੀ ਸੇਖਵਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲੀ ਵਾਰੀ 2014 ਵਿਚ ਹਾਈਕਮਾਨ ਨੂੰ ਪਾਰਟੀ ਦੇ ਏਜੰਡੇ ਤੋਂ ਪਿੱਛੇ ਹਟਣ ਬਾਰੇ ਜਾਣੂ ਕਰਵਾਇਆ ਗਿਆ ਸੀ। ਇਸੇ ਤਰ੍ਹਾਂ ਪਾਰਟੀ ਦੀ ਸਮੇਂ ਸਮੇਂ ’ਤੇ ਕੋਰ ਕਮੇਟੀ ਦੀ ਮੀਟਿੰਗ ਅਤੇ ਹੋਰ ਮੀਟਿੰਗਾਂ ਦੌਰਾਨ ਵਿੱਚ ਵੀ ਹਾਈਕਮਾਨ ਦੇ ਧਿਆਨ ਵਿਚ ਇਹ ਮਾਮਲਾ ਲਿਆਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ 2015 ਵਿੱਚ ਵਾਪਰੇ ਬਰਗਾੜੀ ਕਾਂਡ, ਬਹਿਬਲ ਕਲਾਂ ਤੇ ਕੋਟਕਪੂਰਾ ਘਟਨਾਵਾਂ ਪਾਰਟੀ ਲਈ ਨੁਕਸਾਨਦੇਹ ਹੋਣ ਬਾਰੇ ਹਾਈ ਕਮਾਨ ਨੂੰ ਦੱਸਿਆ ਗਿਆ ਸੀ, ਪਰ ਉਸ ਸਮੇਂ ਹਾਈ ਕਮਾਨ ਇਨ੍ਹਾਂ ਗੱਲਾਂ ਨੂੰ ਅਣਗੌਲਿਆ ਕਰਦੀ ਰਹੀ, ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।