ਮੁੰਬਈ, 23 ਅਪਰੈਲ

ਧਰਤੀ ਦਿਵਸ ਮੌਕੇ ਅੱਜ ਸੋਸ਼ਲ ਮੀਡੀਆ ’ਤੇ ਬੌਲੀਵੁੱਡ ਦੀਆਂ ਕਈ ਨਾਮਵਾਰ ਹਸਤੀਆਂ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਧਰਤੀ ਨੂੰ ਬਚਾਉਣ ਦਾ ਸੱਦਾ ਦਿੱਤਾ। ਕੈਟਰੀਨਾ ਕੈਫ ਨੇ ਕਿਮੋਨੋ ਡਰੈੱਸ ਵਿੱਚ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ, ਜਿੱਥੇ ਉਹ ਇੱਕ ਦਰਿਆ ਕਿਨਾਰੇ ਕੁਦਰਤ ਦਾ ਆਨੰਦ ਮਾਣਦੀ ਨਜ਼ਰ ਆ ਰਹੀ ਹੈ। ਉਸ ਨੇ ਅਲਬਰਟ ਆਈਨਸਟਾਈਨ ਦੀਆਂ ਕੁਝ ਸਤਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਕੁਦਰਤ ਨੂੰ ਨੀਝ ਨਾਲ ਦੇਖੋ ਅਤੇ ਤੁਸੀਂ ਹਰ ਚੀਜ਼ ਬਿਹਤਰ ਸਮਝ ਪਾਓਗੇ: ਅਲਬਰਟ ਆਈਨਸਟਾਈਨ।’’ ਇਸੇ ਤਰ੍ਹਾਂ ਅਦਾਕਾਰਾ ਰਕੁਲਪ੍ਰੀਤ ਸਿੰਘ ਨੇ ਵੀ ਧਰਤੀ ਨੂੰ ਬਚਾਉਣ ਦਾ ਸੱਦਾ ਦਿੰਦਿਆਂ ਲਿਖਿਆ, ‘‘ਸਾਡੇ ਗ੍ਰਹਿ ਲਈ ਸਭ ਤੋਂ ਵੱਡਾ ਖ਼ਤਰਾ ਇਹ ਵਿਸ਼ਵਾਸ ਹੈ ਕਿ ਇਸ ਨੂੰ ਕੋਈ ਹੋਰ ਬਚਾਏਗਾ। ਆਓ ਪ੍ਰਦੂਸ਼ਣ ਦੀ ਬਜਾਏ ਹੱਲ ਦਾ ਹਿੱਸਾ ਬਣਨ ਦਾ ਵਾਅਦਾ ਕਰੀਏ।’’

ਕਾਜੋਲ ਨੇ ਕਿਹਾ , ‘‘ਯਕੀਨ ਕਰੋ ਜਾਂ ਨਾ ਪਰ ਦਰੱਖਤ ਸਾਨੂੰ ਵਾਈਫਾਈ ਤੋਂ ਕਿਤੇ ਵੱਧ ਦਿੰਦੇ ਹਨ।’’ ਡਿਆਨਾ ਪੈਂਟੀ ਨੇ ਦੱਸਿਆ ਕਿ ਉਹ ਕੁਦਰਤ ਦੇ ਨੇੜੇ-ਤੇੜੇ ਰਹਿ ਕੇ ਜ਼ਿਆਦਾ ਖ਼ੁਸ਼ ਹੁੰਦੀ ਹੈ। ਉਸ ਨੇ ਪ੍ਰਸ਼ੰਸਕਾਂ ਨੂੰ ਕੁਦਰਤ ਦਾ ਆਨੰਦ ਮਾਣਦਿਆਂ ਧਰਤੀ ਨੂੰ ਰਹਿਣ ਲਾਇਕ ਬਣਾਈ ਰੱਖਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਨੇਪਾ ਧੂਪੀਆ ਨੇ ਵੀ ਪਾਰਕ ਦੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਆਪਣੀ ਧੀ ਨੂੰ ਚੁੰਮਦੀ ਨਜ਼ਰ ਆ ਰਹੀ ਹੈ। ਉਸ ਨੇ ਲਿਖਿਆ, ‘‘ਹਰ ਦਿਨ ਧਰਤੀ ਦਿਵਸ ਹੈ, ਘਰ ਰਹੋ ਅਤੇ ਸੁਰੱਖਿਅਤ ਰਹੋ.. ਸਾਡਾ ਗ੍ਰਹਿ ਸਾਡਾ ਘਰ ਹੈ।’’ ਡੇਜ਼ੀ ਸ਼ਾਹ ਨੇ ਵੀ ਕੁਦਰਤ ਨਾਲ ਜੁੜਨ ਦੀ ਮਹੱਤਤਾ ਬਾਰੇ ਲਿਖਿਆ। ਬੌਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਨੇ ਅੱਜ ਧਰਤੀ ਦਿਵਸ ਮੌਕੇ ਕਿਹਾ ਕਿ ਸਾਨੂੰ ਵਾਤਾਵਰਨ ਵਿਚਲੀਆਂ ਤਬਦੀਲੀਆਂ ਲਈ ਨਿੱਜੀ ਕੋਸ਼ਿਸ਼ ਦੇ ਨਾਲ-ਨਾਲ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਜੁਆਬਦੇਹ ਬਣਾਉਣਾ ਪਵੇਗਾ।