ਸੁਨਾਮ ਊਧਮ ਸਿੰਘ ਵਾਲਾ, 8 ਜੂਨ
ਬੋਰ ਵਿੱਚ ਡਿੱਗੇ 2 ਸਾਲਾ ਮਾਸੂਮ ਫ਼ਤਹਿਵੀਰ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹਨ। ਬੱਚੇ ਨੂੰ ਬੋਰਡ ਵਿਚ ਡਿੱਗਿਆਂ 53 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਹਾਲੇ ਤੱਕ ਉਸ ਤੱਕ ਪਹੁੰਚਿਆ ਨਹੀਂ ਜਾ ਸਕਿਆ। ਫ਼ਤਿਹਵੀਰ ਨੂੰ ਬਚਾਉਣ ਲਈ ਇਲਾਕੇ ਦੇ ਲੋਕ, ਪ੍ਰਸ਼ਾਸਨ, ਐੱਨਡੀਆਰਐੱਫ਼ ਦੀ 26 ਮੈਂਬਰੀ ਟੀਮ, ਮਾਹਿਰ ਇੰਜਨੀਰਿੰਗ ਅਤੇ ਡੇਰਾ ਸਿਰਸਾ ਦੀ ਗਰੀਨਐਸ ਵੈਲਫ਼ੇਅਰ ਫ਼ੋਰਸ ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।
ਬੀਤੇ ਕੱਲ੍ਹ ਬਾਅਦ ਦੁਪਹਿਰ ਸਾਢੇ 3 ਵਜੇ ਪਿੰਡ ਭਗਵਾਨਪੁਰਾ ਦੇ ਸੁਖਵਿੰਦਰ ਸਿੰਘ ਦਾ 2 ਸਾਲਾ ਬੇਟਾ ਫ਼ਤਿਹਵੀਰ 9 ਇੰਚੀ ਬੋਰ ਵਿੱਚ ਡਿੱਗ ਪਿਆ ਸੀ। ਉਦੋਂ ਤੋਂ ਹੀ ਬਚਾਅ ਕਾਰਜ ਜਾਰੀ ਹਨ ਅਤੇ ਬੱਚੇ ਨੂੰ ਬਾਹਰ ਕੱਢਣ ਵਿੱਚ ਸਫ਼ਲਤਾ ਨਹੀਂ ਮਿਲੀ। ਪ੍ਰਸ਼ਾਸਨ ਵੱਲੋਂ ਐੱਸਡੀਐੱਮ ਮਨਜੀਤ ਕੌਰ, ਡੀਐੱਸਪੀ ਹਰਦੀਪ ਸਿੰਘ, ਨਾਇਬ ਤਹਿਸੀਲਦਾਰ ਗੁਰਲੀਨ ਕੌਰ, ਅਤੇ ਐੱਸਐੱਚਓ ਗੁਰਪ੍ਰੀਤ ਸਿੰਘ ਸਾਰੀ ਰਾਤ ਬਚਾਅ ਕਾਰਜਾਂ ਦਾ ਜਾਇਜ਼ਾ ਲੈਂਦੇ ਰਹੇ। ਅੱਜ ਸਵੇਰੇ 7 ਵਜੇ ਦੇ ਕਰੀਬ ਮਦਦ ਲਈ ਇੰਜਨੀਅਰਿੰਗ ਰੈਜੀਮੈਂਟ ਪਟਿਆਲਾ ਦੀ ਟੀਮ ਨੇ ਵੀ ਅਨਿਲ ਵਰਮਾ ਦੀ ਅਗਵਾਈ ਵਿੱਚ ਆ ਕੇ ਬਚਾਅ ਕਾਰਜਾਂ ਨੂੰ ਤੇਜ਼ ਕਰ ਦਿੱਤਾ ਪਰ ਹਾਲੇ ਤੱਕ ਬੋਰ ਵਿੱਚ ਫ਼ਸੇ ਫ਼ਤਿਵੀਰ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਅਤੇ ਐੱਸਐੱਸਪੀ ਸੰਦੀਪ ਗਰਗ ਨੇ ਕਿਹਾ ਕਿ ਬੱਚੇ ਨੂੰ ਬਚਾਉਣ ਦੇ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਲੋਕਾਂ ਨੂੰ ਥੋੜ੍ਹਾ ਸੰਜਮ ਵਰਤਣ ਦੀ ਜ਼ਰੂਰਤ ਹੈ।
ਬਚਾਅ ਕਾਰਜਾਂ ਵਿੱਚ ਜੁਟੀ ਟੀਮ ਦੇ ਇੱਕ ਮੈਂਬਰ ਅਨੁਸਾਰ ਜਿਸ ਬੋਰ ਵਿੱਚ ਬੱਚਾ ਫਸਿਆ ਹੋਇਆ ਹੈ ਉਸ ਦੇ ਨਾਲ ਹੀ ਇੱਕ ਹੋਰ ਖੁੱਲ੍ਹੇ ਘੇਰੇ ਵਾਲਾ ਬੋਰ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਫ਼ਤਿਹਵੀਰ ਦਾ ਆਗਾਮੀ 10 ਜੂਨ ਨੂੰ ਜਨਮ ਦਿਨ ਵੀ ਹੈ।