ਵਿੰਸਟਨ ਸਲੇਮ— ਚੋਟੀ ਦਾ ਦਰਜਾ ਪ੍ਰਾਪਤ ਰਾਬਰਟੋ ਬੋਤੀਸਤਾ ਅਗੁਤ ਨੇ ਪਿਛਲੇ ਸਾਲ ਦੀ ਹਾਰ ਦਾ ਬਦਲਾ ਲੈਂਦੇ ਹੋਏ ਬੋਸਨੀਆ ਦੇ ਦਾਮਿਰ ਜੁਮਹੂਰ ਨੂੰ ਲਗਾਤਾਰ ਸੈੱਟਾਂ ‘ਚ 6-4, 6-4 ਨਾਲ ਹਰਾ ਕੇ ਵਿੰਸਟਨ-ਸਲੇਮ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕੀਤਾ ਹੈ।
ਅਗੁਤ ਨੂੰ ਪਿਛਲੇ ਸਾਲ ਫਾਈਨਲ ‘ਚ ਬੁਸਤਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਰ ਉਨ੍ਹਾਂ ਨੇ ਹਾਰ ਦਾ ਬਦਲਾ ਪੂਰਾ ਕਰ ਲਿਆ ਹੈ ਅਤੇ ਪੁਰਸ਼ ਸਿੰਗਲ ਫਾਈਨਲ ‘ਚ ਉਨ੍ਹਾਂ ਨੇ ਜੁਮਹੂਰ ਦੀ ਸਰਵਿਸ 5 ਵਾਰ ਬ੍ਰੇਕ ਕਰਦੇ ਹੋਏ 91 ਮਿੰਟ ‘ਚ ਹੀ ਇਸ ਸੈਸ਼ਨ ਦਾ ਦੂਜਾ ਅਤੇ ਕਰੀਅਰ ਦਾ ਛੇਵਾਂ ਖਿਤਾਬ ਆਪਣੇ ਨਾਂ ਕਰ ਲਿਆ।
ਸਪੈਨਿਸ਼ ਖਿਡਾਰੀ ਨੇ ਪਹਿਲੇ ਸੈੱਟ ‘ਚ 4-1 ਦੀ ਬੜ੍ਹਤ ਬਣਾਉਣ ਦੇ ਬਾਅਦ ਦੂਜੇ ਸੈੱਟ ‘ਚ 3-1 ਦੀ ਆਸਾਨ ਬੜ੍ਹਤ ਬਣਾ ਲਈ। ਇਸੇ ਹਫਤੇ ਏ.ਟੀ.ਪੀ. ਫਾਈਨਲ ‘ਚ ਪਹੁੰਚਣ ਵਾਲੇ ਬੋਸਨੀਆ ਦੇ ਪਹਿਲੇ ਖਿਡਾਰੀ ਬਣੇ ਜੁਮਹੂਰ ਦੋਵੇਂ ਸੈੱਟਾਂ ‘ਚ ਖਾਸ ਸੰਘਰਸ਼ ਨਹੀਂ ਕਰ ਸਕੇ। ਬੋਤੀਸਤਾ ਨੇ ਫਾਈਨਲ ‘ਚ ਪਹੁੰਚਣ ਦੀ ਰਾਹ ‘ਤੇ ਇਕ ਵੀ ਸੈੱਟ ਨਹੀਂ ਗੁਆਇਆ ਅਤੇ ਪਹਿਲੇ ਮੈਚ ਪੁਆਇੰਟ ਦੇ ਨਾਲ ਹੀ ਖਿਤਾਬ ਆਪਣੇ ਨਾਂ ਕਰ ਲਿਆ। ਬੋਤੀਸਤਾ ਆਪਣੇ ਕਰੀਅਰ ‘ਚ ਆਖਰੀ 9 ਕੋਸ਼ਿਸ਼ਾਂ ‘ਚੋਂ 7 ਵਾਰ ਗ੍ਰੈਂਡ ਸਲੈਮ ਦੇ ਚੌਥੇ ਰਾਊਂਡ ਤੱਕ ਪਹੁੰਚੇ ਹਨ ਅਤੇ ਹੁਣ ਸੋਮਵਾਰ ਨੂੰ ਸ਼ੁਰੂ ਹੋਣ ਵਾਲੇ ਯੂ.ਐੱਸ. ਓਪਨ ‘ਚ ਪਹਿਲੇ ਦੌਰ ਦੇ ਮੁਕਾਬਲੇ ‘ਚ ਇਟਲੀ ਦੇ ਆਂਦ੍ਰੀਅਸ ਸੇਪੀ ਨਾਲ ਭਿੜਨਗੇ।