ਕਦੇ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਕੋਵਿਡ-19 ਮਹਾਂਮਾਰੀ ਉਹ ਵਕਤ ਵੀ ਲਿਆ ਸਕਦੀ ਹੈ ਜਦੋਂ ਲੋਕਾਂ ਦੇ ਇੱਕ ਹੱਥ ਵਿੱਚ ਬੋਤਲ ਬੰਦ ਪਾਣੀ ਤੇ ਦੂਜੇ ਹੱਥ ਵਿੱਚ ਬੋਤਲ ਬੰਦ ਹਵਾ ਹੋਇਆ ਕਰੇਗੀ। ਸ਼ਾਇਦ ਲੋਕਾਂ ਨੂੰ ਆਕਸੀਜਨ ਮਿਨੀ ਸਿਲੰਡਰ ਆਪਣੀ ਪਿੱਠ ਪਿੱਛੇ ਬੰਨ੍ਹ ਕੇ ਰੱਖਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਕਿਉਂਕਿ ਭਰਪੂਰ ਮਾਤਰਾ ’ਚ ਆਕਸੀਜਨ ਮੁਹੱਈਆ ਕਰਵਾਉਣ ਵਾਲੇ ਵੱਡੇ-ਛੋਟੇ ਰੁੱਖਾਂ ਦੇ ਬੇਸ਼ੁਮਾਰ ਕੁਦਰਤੀ ‘ਸਿਲੰਡਰ’ ਅਸੀਂ ਨਸ਼ਟ ਕਰ ਦਿੱਤੇ ਹਨ। ਅਸੀਂ ਰੁੱਖਾਂ ’ਤੇ ਆਰੇ ਅਤੇ ਕੁਹਾੜੇ ਨਹੀਂ ਚਲਾਏ ਸਗੋਂ ਆਪਣੀ ਹੋਂਦ ’ਤੇ ਆਰੇ ਚਲਾਏ ਹਨ। ਆਪਣੇ ਪੈਰਾਂ ’ਤੇ ਖ਼ੁਦ ਕੁਹਾੜਾ ਮਾਰਿਆ ਹੈ। ਨਹੀਂ ਤਾਂ ਆਕਸੀਜਨ ਹਾਸਿਲ ਕਰਨ ਲਈ ਤਰਲੋਮੱਛੀ ਨਾ ਹੋਣਾ ਪੈਂਦਾ। ਆਪਣਿਆਂ ਦੀਆਂ ਹੋ ਰਹੀਆਂ ਅਣਹੋਈਆਂ ਮੌਤਾਂ ’ਤੇ ਜ਼ਾਰ-ਜ਼ਾਰ ਰੋਣਾ ਨਾ ਪੈਂਦਾ।

ਲਾਪਰਵਾਹ, ਖੁਦਗਰਜ਼ ਅਤੇ ਮਤਲਬਪ੍ਰਸਤ ਲੋਕਾਂ ਨੇ ਪਾਣੀ ਤੇ ਮਿੱਟੀ ਨੂੰ ਤਾਂ ਜ਼ਹਿਰੀਲਾ ਕੀਤਾ ਹੀ ਹੈ, ਇਨ੍ਹਾਂ ਨੇ ਗੁਰੂ ਸਮਾਨ ਹਵਾ ਨੂੰ ਵੀ ਜ਼ਹਿਰੀਲੇ ਤੱਤਾਂ ਨਾਲ ਭਰ ਦਿੱਤਾ ਹੈ। ਵਾਤਾਵਰਣ ਵਿੱਚ ਮੌਜੂਦ ਆਕਸੀਜਨ ਦੀ ਮਾਤਰਾ ਅਲੂਦਗੀ ਕਾਰਨ ਪਹਿਲਾਂ ਨਾਲੋਂ ਘਟ ਗਈ ਹੈ। ਫੇਫੜਿਆਂ ਨੂੰ ਪੂਰਾ ਜ਼ੋਰ ਲਾ ਕੇ ਵਾਤਾਵਰਣ ’ਚੋਂ ਆਕਸੀਜਨ ਖਿੱਚਣੀ ਪੈਂਦੀ ਹੈ ਅਤੇ ਜਦੋਂ ਕਰੋਨਾ ਵਰਗੇ ਕਿਸੇ ਜਰਾਸੀਮ ਦਾ ਫੇਫੜਿਆਂ ’ਤੇ ਹਮਲਾ ਹੋ ਜਾਵੇ ਤਾਂ ਕਈ ਲੋਕਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਫੇਫੜਿਆਂ ਤੱਕ ਜੀਵਨਦਾਤੀ ਆਕਸੀਜਨ ਪੂਰੀ ਤਰ੍ਹਾਂ ਪਹੁੰਚਦੀ ਨਹੀਂ ਅਤੇ ਮਰੀਜ਼ਾਂ ਨੂੰ ਔਖੇ-ਔਖੇ ਤੇ ਛੋਟੇ-ਛੋਟੇ ਸਾਹ ਮੂੰਹ ਖੋਲ੍ਹ ਕੇ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ। ਕਾਰਬਨ ਡਾਇਆਕਸਾਈਡ ਬਾਹਰ ਕੱਢਣ ਲਈ ‘ਹਈ ਸ਼ਾਹ’ ਕਾਫ਼ੀ ਜ਼ੋਰ ਲਾਉਣਾ ਪੈਂਦਾ ਹੈ। ਸਾਹੋਂ ਉੱਖੜਦੇ ਜਾਂਦੇ ਮਰੀਜ਼ਾਂ ਦੇ ਫ਼ਿਕਰਮੰਦ ਰਿਸ਼ਤੇਦਾਰ ਆਕਸੀਜਨ ਦੇ ਸਿਲੰਡਰ ਭਰਵਾਉਣ ਜਾਂ ਹਾਸਿਲ ਕਰਨ ਲਈ ਆਕਸੀਜਨ ਪਲਾਂਟ ਵੱਲ ਦੌੜਦੇ ਹਨ।

ਹੁਣ ਤਾਂ ਰਸਾਇਣਕ ਖਾਦਾਂ, ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਹੱਦ ਤੋਂ ਵੱਧ ਵਰਤੋਂ ਨੇ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਨਾਸ ਮਾਰ ਕੇ ਰੱਖ ਦਿੱਤਾ ਹੈ। ਲੋਕਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਦੀ ਬੈਟਰੀ ਡਾਊਨ ਕਰਕੇ ਰੱਖ ਦਿੱਤੀ ਹੈ। ਮਾਹਿਰ ਡਾਕਟਰ ਕਹਿੰਦੇ ਹਨ ਕਿ ਜਿਨ੍ਹਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੈ, ਉਨ੍ਹਾਂ ਨੂੰ ਕਰੋਨਾ ਤੋਂ ਡਰਨ ਦੀ ਲੋੜ ਨਹੀਂ। ਜ਼ਹਿਰੀਲੇ ਤੱਤਾਂ ਨਾਲ ਭਰਪੂਰ ਅਨਾਜ, ਫ਼ਲ-ਸਬਜ਼ੀਆਂ, ਦਾਲਾਂ ਵਗੈਰਾ ਖਾ ਕੇ ਰੋਗਾਂ ਨਾਲ ਲੜਨ ਦੀ ਸ਼ਕਤੀ ਦਾ ਭੋਗ ਪੈ ਜਾਂਦਾ ਹੈ… ਤੇ ਅੱਜਕੱਲ੍ਹ ਹਰ ਜਣਾ-ਖਣਾ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਦੇ ਨੁਸਖ਼ੇ, ਨੁਕਤੇ, ਗੁਰ, ਫ਼ਾਰਮੂਲੇ ਦੱਸ-ਦੱਸ ਕੇ ਲੋਕਾਂ ਦੇ ਨੱਕ ’ਚ ਦਮ ਕਰ ਰਿਹਾ ਹੈ। ਇਉਂ ਲੱਗਦਾ ਹੈ ਕਿ ਕਰੋਨਾ ਕਾਰਨ ਭਾਵੇਂ ਦਮ ਨਾ ਨਿਕਲੇ, ਇਨ੍ਹਾਂ ਨੁਸਖ਼ੇਬਾਜ਼ਾਂ, ਟੋਟਕੇਬਾਜ਼ਾਂ ਦੇ ਉਪਦੇਸ਼ ਤੇ ਨਸੀਹਤਾਂ ਸੁਣ-ਸੁਣ ਕੇ ਬੇਸ਼ੱਕ ਨਿਕਲ ਜਾਵੇ। ਠੀਕ ਹੈ ਬਈ, ਨਿਸ਼ਾਨੇ ’ਤੇ ਲੱਗ ਜਾਵੇ ਤਾਂ ਤੀਰ, ਨਹੀਂ ਤਾਂ ਤੁੱਕਾ। ਛੱਲੀਆਂ ਦੇ ਤੁੱਕੇ ਵੀ ਬੜੇ ਕੰਮ ਦੀ ਚੀਜ਼ ਹੁੰਦੇ ਹਨ। ਇਹ ਗੁਆਚੇ ਢੱਕਣਾਂ ਦੀ ਜਗ੍ਹਾ ਕੰਮ ਆ ਜਾਂਦੇ ਹਨ।

ਇਕ ਅਕੱਟ ਕਥਨ ਹੈ, ‘‘ਕੋਈ ਵੀ ਪ੍ਰਾਣੀ ਭੋਜਨ ਤੇ ਪਾਣੀ ਤੋਂ ਬਿਨਾਂ ਕੁਝ ਸਮਾਂ ਜਿਊਂਦਾ ਰਹਿ ਸਕਦਾ ਹੈ, ਪਰ ਹਵਾ ਤੋਂ ਬਗ਼ੈਰ ਉਹਦੀ ਫੂਕ ਝੱਟਪਟ ਨਿਕਲ ਜਾਂਦੀ ਹੈ।’’ ਹਾਂ, ਇਹ ਕਥਨ ਸਹੀ ਹੈ। ਹਵਾ ਤੋਂ ਬਗ਼ੈਰ ਦਮ ਘੁਟਣ ਲੱਗਦਾ ਹੈ। ਕਈ ਲੋਕਾਂ ਦੀਆਂ ਮੁਫ਼ਤ ਦੀਆਂ ਸਹੂਲਤਾਂ, ਕਈ ਲੀਡਰਾਂ ਦਾ ਮਨਪਸੰਦ ਰੁਤਬਿਆਂ ਤੇ ਝੰਡੀਆਂ ਵਾਲੀਆਂ ਕਾਰਾਂ ਤੋਂ ਬਗ਼ੈਰ ਦਮ ਘੁੱਟਣ ਲੱਗ ਪੈਂਦਾ ਹੈ। ਉਹ ਸੌਖੇ ਸਾਹ ਲੈਣ ਵਾਸਤੇ ਤਿਕੜਮਬਾਜ਼ੀ, ਚਾਲਬਾਜ਼ੀ, ਪਲਟਬਾਜ਼ੀ ਤੋਂ ਕੰਮ ਲੈਂਦੇ ਹਨ। ਡੱਡੂ-ਛੜੱਪਾ ਮਾਰ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਇਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਚਲੇ ਜਾਂਦੇ ਹਨ।

ਸਾਡੀ ਧਰਤੀ ਦੇ ਵਾਯੂਮੰਡਲ ਵਿੱਚ ਛੇ ਲੱਖ ਅਰਬ ਟਨ ਹਵਾ ਹੈ ਅਤੇ ਇੱਕ ਮਨੁੱਖ ਇੱਕ ਦਿਨ ਵਿੱਚ ਚੌਵੀ ਹਜ਼ਾਰ ਵਾਰ ਸਾਹ ਲੈਂਦਾ ਹੈ। ਉਹ ਰੋਜ਼ਾਨਾ 15 ਤੋਂ 18 ਕਿਲੋ ਤੱਕ ਹਵਾ ਦੀ ਵਰਤੋਂ ਕਰਦਾ ਹੈ ਤੇ ਸਰੀਰ ਵਿੱਚ ਜੇਕਰ ਆਕਸੀਜਨ ਦਾ ਪੱਧਰ 94 ਤੋਂ 100 ਦੇ ਦਰਮਿਆਨ ਰਹੇ ਤਾਂ ਫ਼ਿਕਰ ਕਰਨ ਦੀ ਲੋੜ ਨਹੀਂ। ਖੁਦਗਰਜ਼ ਮਨੁੱਖਾਂ ਦੀ ਬੁੱਧ ਅਤੇ ਵਾਤਾਵਰਨ ਸ਼ੁੱਧ ਨਾ ਰਹਿਣ ਕਾਰਨ ਵਾਯੂਮੰਡਲ ਵਿੱਚੋਂ ਕੁਦਰਤੀ ਭੌਤਿਕ, ਰਸਾਇਣਕ ਅਤੇ ਜੈਵਿਕ ਅੰਸ਼ਾਂ ਦੀ ਮਾਤਰਾ ਲਗਾਤਾਰ ਘਟਦੀ ਜਾ ਰਹੀ ਹੈ। ਓਜ਼ੋਨ ਪਰਤ ਦੀ ਧਰਤ ਵਾਸੀਆਂ ਨੇ ਅਹੀ-ਤਹੀ ਫੇਰ ਦਿੱਤੀ ਹੈ। ਸੂਰਜ ਜੀਆਂ ਪਰਾਬੈਂਗਣੀ ਕਿਰਨਾਂ ਵੱਧ ਮਿਕਦਾਰ ’ਚ ਸਾਡੇ ਵਾਤਾਵਰਨ ਦਾ ਸੀਨਾ ਤਿੱਖੇ ਤੀਰਾਂ ਵਾਂਗ ਵਿੰਨ੍ਹ ਰਹੀਆਂ ਹਨ। ਆਲਮੀ ਤਪਸ਼ ਤੜਪਾਉਣ ਲੱਗ ਪਈ ਹੈ। ਕਾਰਬਨ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ ਵਰਗੀਆਂ ਮਾਰੂ ਗੈਸਾਂ ਦੀ ਮਿਕਦਾਰ ਹਵਾ ਵਿੱਚ ਵਧਦੀ ਜਾ ਰਹੀ ਹੈ ਅਤੇ ਨਾਈਟਰੋਜਨ, ਹਾਈਡਰੋਜਨ, ਆਕਸੀਜਨ ਆਦਿ ਗੈਸਾਂ ਦੀ ਮਾਤਰਾ ਘਟਦੀ ਜਾ ਰਹੀ ਹੈ। ਬਿਲਕੁਲ ਉਵੇਂ, ਜਿਵੇਂ ਇਨਸਾਨੀਅਤ ਘਟਦੀ ਜਾ ਰਹੀ ਹੈ।

ਕੈਨੇਡਾ ਦੀ ਇੱਕ ਕਾਰੋਬਾਰੀ ਕੰਪਨੀ ਬੋਤਲਾਂ ਵਿੱਚ ਸਾਫ਼-ਸੁਥਰੀ ਹਵਾ ਭਰ-ਭਰ ਕੇ ਵੇਚਣ ਲੱਗ ਪਈ ਹੈ। ਬੋਤਲ ਬੰਦ ਹਵਾ ਵੇਚਣ ਦਾ ਵਿਚਾਰ ਹੈ ਕਿੰਨਾ ਸ਼ਾਨਦਾਰ। ਪ੍ਰਦੂਸ਼ਿਤ ਹਵਾ ਤੋਂ ਪੀੜਤ ਤੇ ਪਰੇਸ਼ਾਨ ਲੋਕ ਧੜਾਧੜ ਬੋਤਲ-ਬੰਦ ਹਵਾ, ਬੋਤਲ-ਬੰਦ ਪਾਣੀ ਵਾਂਗ ਖਰੀਦਣ ਲੱਗ ਪਏ ਹਨ। ਆਕਸੀਜਨ ਬਾਰ ’ਚ ਜਾ ਕੇ ਫੇਫੜਿਆਂ ’ਚ ਸਾਫ਼ ਹਵਾ ਭਰਨ ਦਾ ਝੰਜਟ ਖਤਮ। ਬੋਤਲ ਬੰਦ ਪਾਣੀ ਵਾਂਗ ਬੋਤਲ ਬੰਦ ਹਵਾ ਦੀ ਵਰਤੋਂ ਘਰਾਂ, ਦਫ਼ਤਰਾਂ, ਸਕੂਲਾਂ, ਕਾਲਜਾਂ ਆਦਿ ’ਚ ਕਿਤੇ ਵੀ ਕੀਤੀ ਜਾ ਸਕਦੀ ਹੈ। ਹੁਣ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਨੇ ਤਰਲ ਆਕਸੀਜਨ ਪੈਦਾ ਕਰਨ ਤੇ ਵੇਚਣ ਵਾਲਿਆਂ, ਆਕਸੀਜਨ ਕੰਸਨਟਰੇਟਰ ਬਣਾਉਣ ਤੇ ਵੇਚਣ ਵਾਲਿਆਂ ਦੀਆਂ ਲਹਿਰਾਂ-ਬਹਿਰਾਂ ਕਰ ਦਿੱਤੀਆਂ ਹਨ। ਮੁਨਾਫ਼ਾਖੋਰ ਤੇ ਕਾਲਾਬਾਜ਼ਾਰੀਏ ਇਨ੍ਹਾਂ ਧੰਦਿਆਂ ’ਚ ਵੀ ਖ਼ੂਬ ਦੌਲਤ ਇਕੱਠੀ ਕਰ ਰਹੇ ਹਨ। ਜਿਹੜੇ ਫੜੇ ਜਾਂਦੇ ਹਨ, ਉਨ੍ਹਾਂ ਨੂੰ ਪੁਲਸੀਏ ਫੜ-ਫੜ ਕੇ ‘ਅੰਦਰ’ ਕਰ ਰਹੇ ਹਨ। ਜੇਲ੍ਹਾਂ ’ਚ ਪਹਿਲਾਂ ਤੋਂ ਡੱਕੇ ਪਏ ਕੈਦੀ ਦੁਹਾਈ ਪਾ ਰਹੇ ਹਨ, ‘‘ਜੇਲ੍ਹਾਂ ’ਚ ਕੈਦੀਆਂ ਦੀ ਭਰਮਾਰ ਹੈ। ਦੂਰੀ ਬਣਾ ਕੇ ਰੱਖਣ ਦਾ ਨੇਮ ਸ਼ਰਮਸਾਰ ਹੈ। ਜੇ ਸਾਡੇ ’ਤੇ ਵੀ ਹੋ ਗਿਆ ਕਰੋਨਾ ਦਾ ਵਾਰ, ਤਾਂ ਕੌਣ ਲਏਗਾ ਸਾਡੀ ਸਾਰ?’’

ਇਕ ਗ਼ਰੀਬ ਪਰਿਵਾਰ ਵਾਸਤੇ ਮਹਿੰਗੀ ਰਸੋਈ ਗੈਸ ਦਾ ਇਕ ਖ਼ਾਲੀ ਸਿਲੰਡਰ ਭਰਵਾਉਣਾ ਮੁਸ਼ਕਿਲ ਹੁੰਦਾ ਹੈ। ਉਹ ਲੋੜ ਵੇਲੇ ਮਹਿੰਗੇ ਇਲਾਜ ’ਚ ਸ਼ਾਮਿਲ ਹੋ ਚੁੱਕੇ ਆਕਸੀਜਨ ਸਿਲੰਡਰ ਦਾ ਇੰਤਜ਼ਾਮ ਕਿਵੇਂ ਕਰ ਸਕਦਾ ਹੈ? ਹਰ ਕੋਈ ਮਹਿੰਗਾ ਬੋਤਲ ਬੰਦ ਪਾਣੀ ਖਰੀਦ ਕੇ ਨਹੀਂ ਪੀ ਸਕਦਾ। ਮਹਿੰਗੀ ਬੋਤਲ ਬੰਦ ਹਵਾ ਤੇ ਆਕਸੀਜਨ ਵਾਲਾ ਸਿਲੰਡਰ ਵੀ ਹਰ ਕੋਈ ਨਹੀਂ ਖਰੀਦ ਸਕਦਾ। ਅੰਨ ਦੇ ਸੰਕਟ ਵੇਲੇ ਕਿਹਾ ਜਾਂਦਾ ਸੀ, ‘‘ਸਾਰੇ ਲੋਕਾਂ ਨੂੰ ਗੁਜ਼ਾਰਿਸ਼ ਹੈ ਕਿ ਅੰਨ ਦੀ ਘਾਟ ਪੂਰੀ ਕਰਨ ਲਈ ਉਹ ਹਫ਼ਤੇ ’ਚ ਇਕ ਦਿਨ ਵਰਤ ਰੱਖਿਆ ਕਰਨ।’’

ਹੁਣ ਆਕਸੀਜਨ ਦੀ ਕਾਫ਼ੀ ਕਮੀ ਹੈ। ਸੌਖੇ ਸਾਹ ਲੈਣ ਲਈ ਲੋੜੀਂਦੀ ਆਕਸੀਜਨ ਮਿਲਦੀ ਨਹੀਂ। ਇਕ ਤੌਖ਼ਲਾ ਜਿਹਾ ਦਿਮਾਗ਼ ਪੋਲਾ ਕਰਨ ਕਰੀ ਜਾ ਰਿਹਾ ਹੈ ਕਿ ਕਿਤੇ ਇਹ ਫ਼ਰਮਾਨ ਹੀ ਨਾ ਸੁਣਨ ਨੂੰ ਮਿਲ ਜਾਵੇ, ‘‘ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਕ ਦਿਨ ’ਚ ਚੌਵੀ ਹਜ਼ਾਰ ਵਾਰ ਸਾਹ ਨਾ ਲਿਆ ਕਰਨ। ਉਹ ਸਾਹ ਲੈਣ ’ਚ ਕਿਰਸ ਕਰਨ ਅਤੇ ਆਕਸੀਜਨ ਦੀ ਬੱਚਤ ’ਚ ਸਹਿਯੋਗ ਕਰਨ। ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ।’’ ਲਓ, ਸੁਣ ਲਓ ਗੱਲ! ਆਕਸੀਜਨ ਦੀ ਬੱਚਤ ਕਰਨ ਦੇ ਚੱਕਰ ’ਚ ਕੋਵਿਡ-19, ਦਮਾ ਅਤੇ ਟੀ.ਬੀ. ਰੋਗਾਂ ਤੋਂ ਪੀੜਤ ਰੋਗੀਆਂ ਦਾ ਹਾਲ ਤਾਂ….? ਹੀਂ…ਹੀਂ…ਹੀਂ…।

ਨੂਰ ਸੰਤੋਖਪੁਰੀ
ਸੰਪਰਕ: 98722-54990