ਸੋਚੀ, 19 ਜੂਨ
ਡਰਾਇਜ਼ ਮਰਟੈਨਜ਼ ਦੇ ਸ਼ਾਨਦਾਰ ਗੋਲ ਅਤੇ ਰੋਮੇਲੂ ਲੁਕਾਕੂ ਦੇ ਦੋ ਗੋਲਾਂ ਦੀ ਮਦਦ ਨਾਲ ਬੈਲਜੀਅਮ ਨੇ ਫੀਫਾ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਅੱਜ ਪਨਾਮਾ ਨੂੰ 3-0 ਨਾਲ ਹਰਾ ਦਿੱਤਾ। ਗਰੁੱਪ ‘ਜੀ’ ਵਿੱਚ ਪਨਾਮਾ ਅਤੇ ਬੈਲਜੀਅਮ ਤੋਂ ਇਲਾਵਾ ਇੰਗਲੈਂਡ ਅਤੇ ਟਿਊਨਿਸ਼ੀਆ ਦੀਆਂ ਟੀਮਾਂ ਸ਼ਾਮਲ ਹਨ।
ਪਨਾਮਾ ਨੇ ਅਮਰੀਕਾ ਨੂੰ ਬਾਹਰ ਕਰਕੇ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਥਾਂ ਬਣਾਈ ਸੀ, ਪਰ ਬੈਲਜੀਅਮ ਅੱਗੇ ਪਨਾਮਾ ਦੀ ਇੱਕ ਨਹੀਂ ਚੱਲੀ। ਪਨਾਮਾ ਨੇ ਪਹਿਲੇ ਹਾਫ਼ ਵਿੱਚ ਬੈਲਜੀਅਮ ਨੂੰ ਗੋਲ ਕਰਨ ਤੋਂ ਰੋਕੀ ਰੱਖਿਆ ਸੀ, ਪਰ ਦੂਜਾ ਹਾਫ਼ ਸ਼ੁਰੂ ਹੁੰਦੇ ਹੀ ਡਰਾਇਜ਼ ਮਰਟੈਂਨਜ਼ ਨੇ ਬਿਹਤਰੀਨ ਸ਼ਾਟ ਮਾਰਦਿਆਂ ਬੈਲਜੀਅਮ ਲਈ ਪਹਿਲਾ ਗੋਲ ਕੀਤਾ। ਪਨਾਮਾ ਦੇ ਗੋਲਕੀਪਰ ਜੈਮੇ ਪੇਨੈਡੋ ਨੇ ਪਹਿਲੇ ਹਾਫ਼ ਵਿੱਚ ਮਰਟੈਨਜ਼, ਈਡਨ ਹਜ਼ਾਰਡ ਅਤੇ ਰੋਮੇਲੂ ਦੇ ਯਤਨਾਂ ’ਤੇ ਚੰਗੇ ਬਚਾਅ ਕੀਤੇ ਸਨ, ਪਰ ਦੂਜੇ ਹਾਫ਼ ਵਿੱਚ ਮਰਟੈਨਜ ਨੂੰ ਰੋਕ ਨਹੀਂ ਸਕਿਆ। ਮੈਚ ਦੇ 68ਵੇਂ ਮਿੰਟ ਵਿੱਚ ਬੈਲਜੀਅਮ ਨੇ 2-0 ਨਾਲ ਲੀਡ ਬਣਾ ਲਈ। ਹਜ਼ਾਰਡ ਨੇ ਫੁਟਬਾਲ ਕੇਵਿਨ ਡਿ ਬਰੂਨ ਨੂੰ ਦਿੱਤੀ, ਜਿਸ ਨੇ ਇਹ ਅੱਗੇ ਰੋਮੇਲੂ ਨੂੰ ਪਾਸ ਕੀਤੀ। ਲੁਕਾਕੂ ਨੇ ਹੈਡਰ ਨਾਲ ਸ਼ਾਨਦਾਰ ਸ਼ਾਟ ਮਾਰਿਆ, ਜੋ ਗੋਲ ਵਿੱਚ ਚਲਾ ਗਿਆ। ਮੈਨਚੈਸਟਰ ਯੂਨਾਈਟਿਡ ਦੇ ਸਟਰਾਈਕਰ ਲੁਕਾਕੂ ਨੇ 75ਵੇਂ ਮਿੰਟ ਵਿੱਚ ਫੁਟਬਾਲ ਕਬਜ਼ੇ ’ਚ ਕਰਕੇ ਸ਼ਾਟ ਮਾਿਰਆ, ਜੋ ਗੋਲ ਵਿੱਚ ਬਦਲ ਗਿਆ। ਲੁਕਾਕੂ ਦਾ ਮੈਚ ਦਾ ਇਹ ਦੂਜਾ ਗੋਲ ਸੀ ਅਤੇ ਬੈਲਜੀਅਮ ਲਈ ਸਕੋਰ 3-0 ਹੋ ਗਿਆ। ਬੈਲਜੀਅਮ ਦਾ ਇਹ ਲਗਾਤਾਰ 20ਵੀਂ ਜਿੱਤ ਹੈ।