ਬੰਗਲੌਰ, ਭਾਰਤੀ ਹਾਕੀ ਟੀਮ ਨੂੰ ਓਲੰਪਿਕ ਕੁਆਲੀਫਾਇਰ ਵਿੱਚ ਭਾਵੇਂ ਰੂਸ ਵਜੋਂ ਆਸਾਨ ਚੁਣੌਤੀ ਮਿਲੀ ਹੈ, ਪਰ ਮਾਹਿਰ ਗੋਲਕੀਪਰ ਪੀਆਰ ਸ੍ਰੀਜੇਸ਼ ਦਾ ਮੰਨਣਾ ਹੈ ਕਿ ਕਿਸੇ ਵੀ ਟੀਮ ਨੂੰ ਕਮਜ਼ੋਰ ਨਹੀਂ ਸਮਝਿਆ ਜਾ ਸਕਦਾ ਅਤੇ ਬੈਲਜੀਅਮ ਦੌਰੇ ਨਾਲ ਇਸ ਅਹਿਮ ਟੂਰਨਾਮੈਂਟ ਦੀ ਤਿਆਰੀ ਪੁਖ਼ਤਾ ਹੋਵੇਗੀ। ਵਿਸ਼ਵ ਦਰਜਾਬੰਦੀ ਵਿੱਚ ਪੰਜਵੇਂ ਸਥਾਨ ’ਤੇ ਕਾਬਜ਼ ਭਾਰਤ ਨੇ ਭੁਬਨੇਸ਼ਵਰ ਵਿੱਚ ਨਵੰਬਰ ’ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਵਿੱਚ 22ਵੀਂ ਦਰਜਾਬੰਦੀ ਵਾਲੀ ਰੂਸੀ ਟੀਮ ਨਾਲ ਖੇਡਣਾ ਹੈ। ਇਸ ਤੋਂ ਪਹਿਲਾਂ ਭਾਰਤ ਨੇ 26 ਸਤੰਬਰ ਤੋਂ ਤਿੰਨ ਅਕਤੂਬਰ ਤੱਕ ਵਿਸ਼ਵ ਚੈਂਪੀਅਨ ਬੈਲਜੀਅਮ ਦਾ ਦੌਰਾ ਕਰਨਾ ਹੈ। ਓਲੰਪਿਕ ਕੁਆਲੀਫਾਇਰ ਪਹਿਲੀ ਅਤੇ ਦੋ ਨਵੰਬਰ ਨੂੰ ਖੇਡੇ ਜਾਣਗੇ।
ਸ੍ਰੀਜੇਸ਼ ਨੇ ਕਿਹਾ, ‘‘ਹਰ ਖਿਡਾਰੀ ਦਾ ਸੁਫ਼ਨਾ ਓਲੰਪਿਕ ਖੇਡਣਾ ਹੁੰਦਾ ਹੈ। ਹਾਕੀ ਵਿੱਚ ਉਤਰ ਰਹੇ ਰੂਸ ਦੀਆਂ ਤਿਆਰੀਆਂ ਵੀ ਮਜ਼ਬੂਤ ਹੋਣਗੀਆਂ ਅਤੇ ਸਾਨੂੰ ਯਕੀਨੀ ਤੌਰ ’ਤੇ ਉਸ ਤੋਂ ਸਖ਼ਤ ਚੁਣੌਤੀ ਮਿਲੇਗੀ।’’
ਉਸ ਨੇ ਕਿਹਾ ਕਿ ਸਾਰੇ ਖਿਡਾਰੀਆਂ ਨੇ ਓਲੰਪਿਕ ਕੁਆਲੀਫਾਇਰ ਦਾ ਲਾਈਵ ਡਰਾਅ ਵੇਖਿਆ ਅਤੇ ਸਾਰਿਆਂ ਦੇ ਸਾਹ ਰੁਕੇ ਹੋਏ ਸਨ। ਉਸ ਨੇ ਕਿਹਾ, ‘‘ਓਲੰਪਿਕ ਕੁਆਲੀਫਾਇਰ ਸਬੰਧੀ ਇਸ ਤਰ੍ਹਾਂ ਦਿਲਚਸਪੀ ਪੈਦਾ ਕਰਨ ਲਈ ਲਾਈਵ ਡਰਾਅ ਦਾ ਐੱਫਆਈਐੱਚ ਦਾ ਫ਼ੈਸਲਾ ਸਹੀ ਸੀ। ਅਸੀਂ ਸਾਰਿਆਂ ਨੇ ਇਕੱਠੇ ਬੈਠ ਕੇ ਡਰਾਅ ਵੇਖਿਆ। ਇਮਾਨਦਾਰੀ ਨਾਲ ਕਹਾਂ ਤਾਂ ਅਸੀਂ ਸਾਰਿਆਂ ਨੇ ਸੰਭਾਵਨਾਵਾਂ ’ਤੇ ਵਿਚਾਰ ਕਰ ਲਿਆ ਸੀ। ਮਤਲਬ ਸਾਨੂੰ ਪਾਕਿਸਤਾਨ ਜਾਂ ਆਸਟਰੇਲੀਆ ਜਾਂ ਮਿਸਰ ਵਿੱਚੋਂ ਕਿਸੇ ਇੱਕ ਨਾਲ ਖੇਡਣਾ ਪੈ ਸਕਦਾ ਹੈ। ਮਿਸਰ ਨੇ ਮਗਰੋਂ ਨਾਮ ਵਾਪਸ ਲੈ ਲਿਆ, ਪਰ ਅਸੀਂ ਕਿਸੇ ਵੀ ਟੀਮ ਨਾਲ ਖੇਡਣ ਲਈ ਤਿਆਰ ਸੀ।’’ ਬੈਲਜੀਅਮ ਦੌਰੇ ਬਾਰੇ ਉਸ ਨੇ ਕਿਹਾ, ‘‘ਵਿਸ਼ਵ ਚੈਂਪੀਅਨ ਬੈਲਜੀਅਮ ਸ਼ਾਨਦਾਰ ਲੈਅ ਵਿੱਚ ਹੈ। ਉਸ ਨਾਲ ਖੇਡਣਾ ਫਾਈਨਲ ਇਮਤਿਹਾਨ ਤੋਂ ਪਹਿਲਾਂ ਤਿਆਰੀ ਸਬੰਧੀ ਟੈਸਟ ਦੇਣ ਵਾਂਗ ਹੋਵੇਗਾ।’’ ਉਸ ਨੇ ਕਿਹਾ, ‘‘ਅਸੀਂ ਆਪਣੇ ਡਿਫੈਂਸ, ਪੈਨਲਟੀ ਕਾਰਨਰ ਅਤੇ ਗੋਲ ਕਰਨ ਦੇ ਮੌਕੇ ਬਣਾਉਣ ’ਤੇ ਕਾਫ਼ੀ ਮਿਹਨਤ ਕੀਤੀ ਹੈ। ਉਮੀਦ ਹੈ ਕਿ ਅਸੀਂ ਰਣਨੀਤੀ ’ਤੇ ਅਮਲ ਕਰ ਸਕਾਂਗੇ।’’
ਟੋਕੀਓ ਵਿੱਚ ਓਲੰਪਿਕ ਟੈਸਟ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਗੋਲਕੀਪਰਾਂ ਸੂਰਜ ਕਰਕੇਰਾ ਅਤੇ ਕ੍ਰਿਸ਼ਨ ਪਾਠਕ ਨਾਲ ਮੁਕਾਬਲੇ ਬਾਰੇ ਸ੍ਰੀਜੇਸ਼ ਨੇ ਕਿਹਾ, ‘‘ਦੋਵਾਂ ਨੂੰ ਚੰਗਾ ਪ੍ਰਦਰਸ਼ਨ ਕਰਦਿਆਂ ਵੇਖ ਕੇ ਬਹੁਤ ਵਧੀਆ ਲੱਗਿਆ। ਟੀਮ ਵਿੱਚ ਮੁਕਾਬਲਾ ਹੋਣਾ ਚੰਗਾ ਹੈ ਅਤੇ ਮੈਨੂੰ ਉਨ੍ਹਾਂ ਦਾ ਮੇਂਟਰ ਬਣ ਕੇ ਕਾਫ਼ੀ ਖ਼ੁਸ਼ੀ ਹੋ ਰਹੀ ਹੈ। ਇਸ ਨਾਲ ਮੇਰੀ ਖੇਡ ਵਿੱਚ ਵੀ ਸੁਧਾਰ ਹੋ ਰਿਹਾ ਹੈ।’’