ਭੁਬਨੇਸ਼ਵਰ, 9 ਦਸੰਬਰ
ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਬੈਲਜੀਅਮ ਅੱਜ ਇੱਥੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ‘ਸੀ’ ਦੇ ਅੰਤਿਮ ਮੈਚ ਵਿੱਚ ਦੱਖਣੀ ਅਫਰੀਕਾ ਨੂੰ 5-1 ਗੋਲਾਂ ਨਾਲ ਹਰਾ ਕੇ ਸਿੱਧੇ ਕੁਆਰਟਰ ਫਾਈਨਲ ਦੀ ਦੌੜ ਵਿੱਚ ਸ਼ਾਮਲ ਹੋ ਗਿਆ ਹੈ।
ਅਲੈਕਜੈਂਡਰ ਹੈਂਡ੍ਰਿਕਸ ਨੇ 14ਵੇਂ ਅਤੇ 22ਵੇਂ ਮਿੰਟ ਵਿੱਚ ਦੋ ਗੋਲ ਦਾਗ਼ੇ, ਜਦਕਿ ਸਾਈਮਨ ਗੌਗਨਾਰਡ (18ਵੇਂ ਮਿੰਟ), ਲੋਈਕ ਲੂਈਪਾਰਟ (30ਵੇਂ ਮਿੰਟ) ਅਤੇ ਸੈਡਰਿਕ ਚਾਰਲੀਅਰ (48ਵੇਂ ਮਿੰਟ) ਨੇ ਇੱਕ-ਇੱਕ ਗੋਲ ਕੀਤਾ। ਦੱਖਣੀ ਅਫਰੀਕਾ ਨੇ ਹਾਲਾਂਕਿ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਨੂੰ ਸਿਰਫ਼ 36 ਸੈਕਿੰਡ ਦੇ ਅੰਦਰ ਨਿਕੋਲਸ ਸਪੂਨਰ ਦੇ ਮੈਦਾਨੀ ਗੋਲ ਨਾਲ ਹੈਰਾਨ ਕਰ ਦਿੱਤਾ।
ਇਸ ਜਿੱਤ ਨਾਲ ਬੈਲਜੀਅਮ ਤਿੰਨ ਮੈਚਾਂ ਵਿੱਚ ਸੱਤ ਅੰਕ ਲੈ ਕੇ ਪੂਲ ‘ਸੀ’ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ, ਜਦਕਿ ਦੱਖਣੀ ਅਫਰੀਕਾ ਇਸ ਸਮੇਂ ਤੀਜੇ ਸਥਾਨ ’ਤੇ ਹੈ। ਇੱਕ ਹੋਰ ਪੂਲ ‘ਸੀ’ ਦੇ ਅੰਤਿਮ ਮੈਚ ਵਿੱਚ ਭਾਰਤ ਨੇ ਵੀ ਕੈਨੇਡਾ ਨੂੰ 5-1 ਗੋਲ ਨਾਲ ਹਰਾਇਆ। ਮੇਜ਼ਬਾਨ ਟੀਮ ਇਹ ਮੈਚ ਜਿੱਤ ਕੇ ਗਰੁੱਪ ਗੇੜ ਵਿੱਚ ਸਿਖ਼ਰ ’ਤੇ ਰਹਿੰਦਿਆਂ ਸਿੱਧੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਦੁਨੀਆ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਪੂਲ ਵਿੱਚ ਦੂਜੇ ਸਥਾਨ ’ਤੇ ਹੈ ਅਤੇ ਉਸ ਨੂੰ ਕੁਆਰਟਰ ਫਾਈਨਲ ਵਿੱਚ ਕੁਆਲੀਫਾਈ ਕਰਨ ਲਈ ਕ੍ਰਾਸ ਓਵਰ ਮੈਚ ਖੇਡਣੇ ਪੈਣਗੇ।ਬਿਹਤਰ ਗੋਲਾਂ ਕਾਰਨ ਦੱਖਣੀ ਅਫਰੀਕਾ ਗਰੁੱਪ ਗੇੜ ਵਿੱਚ ਤੀਜੇ ਸਥਾਨ ’ਤੇ ਰਿਹਾ, ਜਦੋਂਕਿ ਕੈਨੇਡਾ ਨੂੰ ਸਭ ਤੋਂ ਹੇਠਲੇ ਸਥਾਨ ’ਤੇ ਰਹਿੰਦਿਆਂ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ।