ਸਿਡਨੀ, 4 ਅਗਸਤ
ਭਾਰਤੀ ਦੇ ਚੋਟੀ ਦੇ ਖਿਡਾਰੀਆਂ ਪੀਵੀ ਸਿੰਧੂ, ਕਿਦਾਂਬੀ ਸ੍ਰੀਕਾਂਤ ਅਤੇ ਐੱਚਐੱਸ ਪ੍ਰਣੌਏ ਨੇ ਅੱਜ ਇੱਥੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਆਸਟਰੇਲੀਆ ਓਪਨ ਬੈਡਮਿੰਟਨ ਬੀਡਬਲਿਊਐੱਫ ਸੁਪਰ 500 ਟੂੁਰਨਾਮੈਂਟ ਦੇ ਕੁਆਰਟਰਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਸੈਸ਼ਨ ਦੇ ਸੱਤ ਮੁਕਾਬਲਿਆਂ ਦੇ ਪਹਿਲੇ ਗੇੜ ਵਿੱਚੋਂ ਹੀ ਬਾਹਰ ਹੋਣ ਵਾਲੀ ਪੰਜਵੇਂ ਦਰਜੇ ਦੀ ਖਿਡਾਰਨ ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਦੂਜੇ ਰਾਊਂਡ ਵਿੱਚ ਹਮਵਤਨ ਆਕਰਸ਼ੀ ਕਸ਼ਯਪ ਨੂੰ ਸੌਖਿਆਂ ਹੀ 21-14, 21-10 ਨਾਲ ਹਰਾ ਦਿੱਤਾ। ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਸਿੰਧੂ ਦਾ ਕੁਆਟਰਫਾਈਨਲ ਵਿੱਚ ਮੁਕਾਬਲਾ ਚੌਥਾ ਦਰਜਾ ਪ੍ਰਾਪਤ ਅਮਰੀਕਾ ਦੀ ਬੇਈਵੇਨ ਜ਼ਿਆਂਗ ਨਾਲ ਹੋਵੇਗਾ। ਪੁਰਸ਼ ਸਿੰਗਲਜ਼ ਵਿੱਚ ਸ੍ਰੀਕਾਂਤ ਨੇ ਚੀਨੀ ਤਾਇਪੇ ਦੇ ਲੀ ਯਾਂਗ ਸੂ ਨੂੰ 21-10, 21-17 ਨਾਲ ਹਰਾਇਆ, ਜਦਕਿ ਛੇਵਾਂ ਦਰਜਾ ਪ੍ਰਾਪਤ ਪ੍ਰਣੌਏ ਨੂੰ ਚੀਨੀ ਤਾਇਪੇ ਦੇ ਯੂ ਜੇਨ ਚੀ ਨੂੰ 21-19, 21-19, 21-13 ਨਾਲ ਹਰਾਉਣ ਲਈ ਇੱਕ ਘੰਟਾ 14 ਮਿੰਟ ਤੱਕ ਪਸੀਨਾ ਵਹਾਉਣਾ ਪਿਆ। ਭਾਰਤ ਦੇ ਉੱਭਰਦੇ ਖਿਡਾਰੀ ਪ੍ਰਿਯਾਂਸ਼ੂ ਰਾਜਾਵਤ ਨੇ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਚੀਨੀ ਤਾਇਪੇ ਦੇ ਤਜ਼ੂ ਵੇਈ ਵਾਂਗ ਨੂੰ 59 ਮਿੰਟ ਤੱਕ ਚੱਲੇ ਮੁਕਾਬਲੇ ਦੌਰਾਨ 21-8, 13-21, 21-19 ਨਾਲ ਹਰਾ ਕੇ ਕੁਆਟਰਫਾਈਨਲ ਵਿੱਚ ਜਗ੍ਹਾ ਬਣਾਈ। ਹਾਲਾਂਕਿ ਭਾਰਤ ਦੇ ਦੋ ਹੋਰ ਖਿਡਾਰੀਆਂ ਮਿਥੁਨ ਮੰਜੂਨਾਥ ਅਤੇ ਕਿਰਨ ਜਾਰਜ ਨੂੰ ਪੁਰਸ਼ ਸਿੰਗਲਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।