ਗੁਆਂਗਜ਼ੂ, 14 ਦਸੰਬਰ
ਖ਼ਿਤਾਬ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਭਾਰਤੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਨੇ ਗਰੁੱਪ ‘ਏ’ ਦੇ ਆਪਣੇ ਤੀਜੇ ਤੇ ਆਖ਼ਰੀ ਮੈਚ ਵਿੱਚ ਚੀਨ ਦੀ ਹੀ ਬਿੰਗਜਿਆਓ ’ਤੇ ਹੌਸਲਾਅਫ਼ਜਾਊ ਜਿੱਤ ਦਰਜ ਕਰ ਕੇ ਸਾਲ ਦੇ ਆਖ਼ਰੀ ਟੂਰਨਾਮੈਂਟ ਬੀਡਬਲਿਊਐੱਫ ਵਿਸ਼ਵ ਟੂਰ ਫਾਈਨਲਜ਼ ’ਚ ਆਪਣੀ ਚੁਣੌਤੀ ਦਾ ਸਕਾਰਾਤਮਕ ਅੰਤ ਕੀਤਾ।
ਸਿੰਧੂ ਆਪਣੇ ਪਹਿਲੇ ਦੋਵੇਂ ਮੈਚ ਗੁਆਉਣ ਕਾਰਨ ਖ਼ਿਤਾਬ ਦੀ ਦੌੜ ’ਚੋਂ ਪਹਿਲਾਂ ਹੀ ਬਾਹਰ ਹੋ ਗਈ ਸੀ। ਬਿੰਗਜਿਆਓ ਖ਼ਿਲਾਫ਼ ਵੀ ਉਹ ਪਹਿਲੇ ਗੇਮ ’ਚ 9-19 ਤੋਂ ਪਿੱਛੇ ਚੱਲ ਰਹੀ ਸੀ ਪਰ ਉਸ ਨੇ ਬਿਹਤਰੀਨ ਵਾਪਸੀ ਕੀਤੀ ਅਤੇ 21-19, 21-19 ਨਾਲ ਜਿੱਤ ਦਰਜ ਕਰ ਕੇ ਗਰੁੱਪ ’ਚ ਤੀਜਾ ਸਥਾਨ ਹਾਸਲ ਕੀਤਾ। ਇਸ ਜਿੱਤ ਨਾਲ ਸਿੰਧੂ ਨੇ ਇਸ ਚੀਨੀ ਖਿਡਾਰਨ ਖ਼ਿਲਾਫ਼ ਲਗਾਤਾਰ ਚਾਰ ਹਾਰ ਦਾ ਸਿਲਸਿਲਾ ਵੀ ਤੋੜਿਆ। ਹੁਣ ਉਸ ਦਾ ਇਕ-ਦੂਜੇ ਖ਼ਿਲਾਫ਼ ਰਿਕਾਰਡ 6-9 ਹੈ।
ਭਾਰਤੀ ਖਿਡਾਰਨ ਸ਼ੁਰੂ ’ਚ ਲੈਅ ਹਾਸਲ ਨਹੀਂ ਕਰ ਸਕੀ ਅਤੇ ਬਿੰਗਜਿਆਓ ਨੇ ਪਹਿਲੇ ਗੇਮ ’ਚ ਸ਼ੁਰੂ ਵਿੱਚ 7-3 ਅਤੇ ਬਰੇਕ ਤੱਕ 11-6 ਨਾਲ ਬੜ੍ਹਤ ਬਣਾ ਲਈ। ਸਿੰਧੂ ਨੇ ਬਰੇਕ ਤੋਂ ਬਾਅਦ ਵੀ ਗਲਤੀਆਂ ਕੀਤੀਆਂ ਜਿਸ ਨਾਲ ਚੀਨੀ ਖਿਡਾਰਨ 18-9 ਨਾਲ ਅੱਗੇ ਹੋ ਗਈ। ਸਿੰਧੂ ਨੇ ਹਾਲਾਂਕਿ ਬਿਹਤਰੀਨ ਵਾਪਸੀ ਦਾ ਨਜ਼ਾਰਾ ਪੇਸ਼ ਕੀਤਾ ਅਤੇ ਲਗਾਤਾਰ ਨੌਂ ਅੰਕ ਬਣਾ ਕੇ ਸਕੋਰ 18-18 ਨਾਲ ਬਰਾਬਰ ਕਰ ਦਿੱਤਾ। ਬਿੰਗਜਿਆਓ ਨੇ ਇਸ ਤੋਂ ਬਾਅਦ ਇਕ ਅੰਕ ਹਾਸਲ ਕੀਤਾ ਪਰ ਸਿੰਧੂ ਨੇ ਫਿਰ ਲਗਾਤਾਰ ਤਿੰਨ ਅੰਕ ਬਣਾ ਕੇ ਪਹਿਲਾ ਗੇਮ ਆਪਣੇ ਨਾਂ ਕੀਤਾ। ਸਿੰਧੂ ਨੇ ਦੂਜੇ ਗੇਮ ’ਚ ਲੈਅ ਬਰਕਰਾਰ ਰੱਖੀ ਤੇ ਉਹ ਬਰੇਕ ਤੱਕ 11-6 ਨਾਲ ਅੱਗੇ ਸੀ।
ਬਿੰਗਜਿਆਓ ਨੇ ਕੁਝ ਗਲਤੀਆਂ ਕੀਤੀਆਂ ਜਿਸ ਨਾਲ ਸਿੰਧੂ ਨੇ ਬੜ੍ਹਤ 15-10 ਕਰ ਦਿੱਤੀ। ਚੀਨੀ ਖਿਡਾਰਨ ਨੇ ਬਾਅਦ ’ਚ 16-18 ਨਾਲ ਅੰਤਰ ਘੱਟ ਕੀਤਾ ਪਰ ਸਿੰਧੂ ਨੇ ਤਿੰਨ ਮੈਚ ਪੁਆਇੰਟ ਹਾਸਲ ਕਰ ਲਏ। ਬਿੰਗਜਿਆਓ ਇਨ੍ਹਾਂ ਵਿੱਚੋਂ ਦੋ ਮੈਚ ਪੁਆਇੰਟ ਹੀ ਬਚਾਅ ਸਕੀ। ਸਿੰਧੂ ਹੁਣ ਪ੍ਰੀਮੀਅਰ ਬੈਡਮਿੰਟ ਲੀਗ ’ਚ ਖੇਡੇਗੀ।