ਕੁਆਲਾਲੰਪੁਰ, 18 ਜਨਵਰੀ
ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਤੇ ਕਿਦਾਂਬੀ ਸ੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਲੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ।
ਸੱਤਵਾਂ ਦਰਜਾ ਪ੍ਰਾਪਤ ਸਾਇਨਾ ਨੂੰ ਆਪਣਾ ਮੁਕਾਬਲਾ ਜਿੱਤਣ ’ਚ 39 ਮਿੰਟ ਲੱਗੇ। ਉਸ ਨੇ ਹਾਂਗਕਾਂਗ ਦੀ ਪੂਈ ਯਿਨ ਯਿਪ ’ਤੇ 21-14, 21-16 ਨਾਲ ਜਿੱਤ ਦਰਜ ਕੀਤੀ। ਹੁਣ ਉਹ ਸੈਸ਼ਨ ਦੇ ਪਹਿਲੇ ਸੁਪਰ 500 ਟੂਰਨਾਮੈਂਟ ’ਚ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਨਾਲ ਖੇਡੇਗੀ। ਦੁਨੀਆਂ ਦੀ ਨੌਵੇਂ ਨੰਬਰ ਦੀ ਖਿਡਾਰਨ ਸਾਇਨਾ ਦਾ ਓਕੂਹਾਰਾ ਖ਼ਿਲਾਫ਼ 8-4 ਦਾ ਰਿਕਾਰਡ ਹੈ। ਉਸ ਨੇ ਪਿਛਲੇ ਸਾਲ ਡੈਨਮਾਰਕ ਓਪਨ ਅਤੇ ਫਰੈਂਚ ਓਪਨ ’ਚ ਵੀ ਓਕੂਹਾਰਾ ਨੂੰ ਹਰਾਇਆ ਸੀ। ਇਹ ਮੁਕਾਬਲਾ ਜਿੱਤਣ ’ਤੇ ਸਾਇਨਾ ਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਸਪੇਨ ਦੀ ਕੈਰੋਲੀਨਾ ਮਾਰਿਨ ਨਾਲ ਹੋ ਸਕਦਾ ਹੈ। ਪੁਰਸ਼ ਸਿੰਗਲਜ਼ ’ਚ ਸ੍ਰੀਕਾਂਤ ਨੇ ਹਾਂਗਕਾਂਗ ਦੇ ਵੌਂਗ ਵਿੰਗ ਕੀ ਵਿਨਸੈਂਟ ਨੂੰ 23-21, 8-21, 21-18 ਨਾਲ ਹਰਾਇਆ। ਸਾਬਕਾ ਰਾਸ਼ਟਰਮੰਡਲ ਚੈਂਪੀਅਨ ਪਾਰੂਪੱਲੀ ਕਸ਼ਿਅਪ ਨੂੰ ਹਾਲਾਂਕਿ ਇੰਡੋਨੇਸ਼ੀਆ ਦੇ ਐਂਥਨੀ ਸਿਨਿਸੁਕਾ ਜ਼ਿੰਟਿੰਗ ਨੇ 21-17, 25-23 ਨਾਲ ਹਰਾਇਆ। ਮਹਿਲਾ ਡਬਲਜ਼ ’ਚ ਅਸ਼ਵਿਨੀ ਪੋਨੰਪਾ ਤੇ ਐੱਲ ਸਿੱਕੀ ਰੈਡੀ ਨੂੰ ਇੰਡੋਨੇਸ਼ੀਆ ਦੀ ਨੀ ਕੈਤੁਤ ਮਹਾਂਦੇਵੀ ਤੇ ਰਿਜ਼ਕੀ ਅਮੇਲੀਆ ਪ੍ਰਦੀਪਤੀ ਨੇ 21-18, 21-17 ਨਾਲ ਹਰਾਇਆ।