ਟੋਕੀਓ, 29 ਜੁਲਾਈ
ਭਾਰਤ ਦਾ ਲਕਸ਼ੈ ਸੇਨ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਜਪਾਨ ਦੇ ਕੋਕੀ ਵਾਤਾਨਾਬੇ ਨੂੰ ਸਿੱਧੀ ਖੇਡ ’ਚ ਹਰਾ ਕੇ ਜਪਾਨ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ, ਜਦਕਿ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਹਾਰ ਕੇ ਬਾਹਰ ਹੋ ਗਈ ਹੈ। ਇਸੇ ਤਰ੍ਹਾਂ ਸਖ਼ਤ ਮੁਕਾਬਲੇ ਦੌਰਾਨ ਪ੍ਰਣੌਏ ਵੀ ਦੁਨੀਆ ਦੇ ਨੰਬਰ ਇੱਕ ਖਿਡਾਰੀ ਵਿਕਟਰ ਐਕਸੇਲਸੇਨ ਹੱਥੋਂ ਹਾਰ ਗਿਆ। ਵਿਸ਼ਵ ਚੈਂਪੀਅਨਸ਼ਿਪ 2021 ਦੇ ਕਾਂਸੇ ਦਾ ਤਗ਼ਮਾ ਜੇਤੂ ਦੁਨੀਆ ਦੇ 13ਵੇਂ ਨੰਬਰ ਦੇ ਖਿਡਾਰੀ ਸੇਨ ਨੇ 33ਵੇਂ ਰੈਂਕ ਵਾਲੇ ਵਾਤਾਨਾਬੇ ਨੂੰ 21-15, 21-19 ਨਾਲ ਹਰਾਇਆ। ਉਹ ਕੈਨੇਡਾ ਅਤੇ ਅਮਰੀਕਾ ਮਗਰੋਂ ਲਗਾਤਾਰ ਤੀਜੇ ਸੈਮੀਫਾਈਨਲ ’ਚ ਪਹੁੰਚ ਗਿਆ ਹੈ। ਅਲਮੋੜਾ ਦੇ 21 ਸਾਲ ਦੇ ਰਾਸ਼ਟਰਮੰਡਲ ਖੇਡ ਚੈਂਪੀਅਨ ਸੇਨ ਦਾ ਸਾਹਮਣਾ ਇੰਡੋਨੇਸ਼ੀਆ ਦੇ 5ਵਾਂ ਦਰਜਾ ਪ੍ਰਾਪਤ ਜੋਨਾਥਨ ਕ੍ਰਿਸਟੀ ਨਾਲ ਹੋਵੇਗਾ। ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੂੰ ਲੀ ਯਾਂਗ ਅਤੇ ਵਾਂਗ ਚੀ ਲਾਨ ਨੇ 21-15, 23-25, 21-16 ਨਾਲ ਹਰਾਇਆ।