ਬੈਂਕਾਕ:ਭਾਰਤੀ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣਯ ਬੁੱਧਵਾਰ ਨੂੰ ਥਾਈਲੈਂਡ ਓਪਨ ਸੁਪਰ 1000 ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਦਾਖ਼ਲ ਹੋ ਗਿਆ। ਉਸ ਨੇ ਮੋਢੇ ਦੀ ਸੱਟ ਦੇ ਬਾਵਜੂਦ ਵਿਸ਼ਵ ਦੇ ਸੱਤਵੇਂ ਨੰਬਰ ਦੇ ਜੋਨਾਥਨ ਕ੍ਰਿਸਟੀ ਨੂੰ ਹਰਾਇਆ। ਪ੍ਰਣਯ ਨੇ ਇਸ ਪੁਰਸ਼ ਸਿੰਗਲਜ਼ ਮੈਚ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਖੇਡ ਵਿਚ ਇਕਾਗਰਤਾ ਬਣਾਈ ਰੱਖੀ। ਉਸ ਨੇ ਕ੍ਰਿਸਟੀ ਨੂੰ ਸਵਾ ਘੰਟਾ ਚੱਲੇ ਮੈਚ ਵਿਚ 18-21, 21-16 ਤੇ 23-21 ਨਾਲ ਹਰਾ ਕੇ ਜਿੱਤ ਦਰਜ ਕੀਤੀ। ਉਸ ਦਾ ਅਗਲਾ ਮੈਚ ਮਲੇਸ਼ੀਆ ਦੇ ਡੈਰੇਨ ਲਯੂ ਨਾਲ ਹੋਵੇਗਾ। ਦੂਜੇ ਭਾਰਤੀ ਖਿਡਾਰੀਆਂ ਵਿਚ, ਐਮਆਰ ਅਰਜੁਨ ਅਤੇ ਧਰੁਵ ਕਪਿਲਾ ਦੀ ਪੁਰਸ਼ ਡਬਲਜ਼ ਦੀ ਜੋੜੀ ਨੇ ਨਿਊਜ਼ੀਲੈਂਡ ਦੇ ਓਲੀਵਰ ਲੇਡੇਨ ਡੇਵਿਸ ਅਤੇ ਅਭਿਨਵ ਮਨੋਟਾ ਨੂੰ 23-21, 21-17 ਨਾਲ ਹਰਾ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ।