ਸਿਡਨੀ, 2 ਅਗਸਤ
ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਗਮਾ ਜੇਤੂ ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੇ ਅੱਜ ਇੱਥੇ ਕੈਨੇਡਾ ਦੀ ਕੈਥਰੀਨ ਚੋਈ ਅਤੇ ਜੋਸੇਫੀਨ ਵੂ ਦੀ ਜੋੜੀ ਨੂੰ ਹਰਾ ਕੇ ਆਸਟਰੇਲੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਵਿਸ਼ਵ ਦੀ 17ਵੇਂ ਸਥਾਨ ਦੀ ਜੋੜੀ ਨੇ ਪਹਿਲੇ ਗੇੜ ਵਿੱਚ 29ਵੇਂ ਸਥਾਨ ਦੀ ਕੈਨੇਡੀਅਨ ਜੋੜੀ ਨੂੰ 21-16, 21-17 ਨਾਲ ਹਰਾਇਆ। ਜ਼ਿਕਰਯੋਗ ਹੈ ਕਿ ਭਾਰਤੀ ਜੋੜੀ ਨੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਪਹੁੰਚਣ ਤੋਂ ਇਲਾਵਾ ਹੋਰ ਕਿਸੇ ਵੀ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਜਿੱਤ ਹਾਸਲ ਨਹੀਂ ਕੀਤੀ। ਇਸ ਟੂਰਨਾਮੈਂਟ ਵਿੱਚ ਵੀ ਜੋੜੀ ਦੀ ਅਗਲੀ ਰਾਹ ਸੌਖੀ ਨਹੀਂ ਹੋਵੇਗੀ ਕਿਉਂਕ ਇਸ ਦਾ ਅਗਲਾ ਮੁਕਾਬਲਾ ਜਾਪਾਨ ਦੀ ਮਾਯੂ ਮਾਤਸੁਮੋਟੋ ਅਤੇ ਵਾਕਾਨਾ ਨਗਾਹਾਰਾ ਦੀ ਵਿਸ਼ਵ ਦੀ ਚੌਥੇ ਸਥਾਨ ਦੀ ਜੋੜੀ ਨਾਲ ਹੋਵੇਗਾ। ਉਧਰ ਚਾਰ ਸਾਲਾਂ ਬਾਅਦ ਟੂਰਨਾਮੈਂਟ ਖੇਡ ਰਹੀ ਅਸ਼ਵਨੀ ਪੋਨੱਪਾ ਅਤੇ ਉਸ ਦੀ ਜੋੜੀਦਾਰ ਤਨੀਸ਼ਾ ਕ੍ਰਾਸਟੋ ਨੂੰ ਮਹਿਲਾ ਡਬਜ਼ਲ ਵਰਗ ਵਿੱਚ ਇੰਡੋਨੇਸ਼ੀਆ ਦੀ ਜੋੜੀ ਫੈਬਰੀਆਨਾ ਵਿਪੂਜੀ ਕੁਸੁਮਾ ਅਤੇ ਅਮਾਲੀਆ ਕਾਹਾਯਾ ਪ੍ਰਤਵਿੀ ਤੋਂ 11-21, 21-14, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਐੱਨ ਸਿੱਕੀ ਰੈੱਡੀ ਅਤੇ ਏ ਸਾਰਾ ਸੁਨੀਲ ਦੀ ਮਹਿਲਾ ਡਬਲਜ਼ ਜੋੜੀ ਨੂੰ ਵੀ ਸੁ ਯਿਨ-ਹੁਈ ਅਤੇ ਲੀ ਚੀ ਚੇਨ ਦੀ ਤਾਇਵਾਨੀ ਦੀ ਜੋੜੀ ਤੋਂ ਹਾਰ ਕੇ ਬਾਹਰ ਹੋ ਗਈ ਹੈ।