ਇੰਚਿਓਨ, ਭਾਰਤੀ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਿਅਪ ਨੇ ਅੱਜ ਇੱਥੇ ਮਲੇਸ਼ੀਆ ਦੇ ਡੈਰੇਨ ਲਿਊ ’ਤੇ ਤਿੰਨ ਗੇਮ ਵਿੱਚ ਜਿੱਤ ਹਾਸਲ ਕਰ ਕੇ ਕੋਰੀਆ ਓਪਨ ਦੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸਾਲ 2014 ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਕਸ਼ਿਅਪ ਨੇ 56 ਮਿੰਟਾਂ ਤੱਕ ਚੱਲੇ ਮੁਕਾਬਲੇ ਵਿਚ ਡੈਰੇਨ ਲਿਊ ਨੂੰ 21-17, 11-21, 21-12 ਨਾਲ ਮਾਤ ਦਿੱਤਾ।
ਹੈਦਰਾਬਾਦ ਦੇ 33 ਸਾਲਾਂ ਦੇ ਭਾਰਤੀ ਦਾ ਸਾਹਮਣਾ ਡੈਨਮਾਰਕ ਦੇ ਜੈਨ ਓ ਜੌਰਗੈਨਸਨ ਨਾਲ ਹੋਵੇਗਾ ਜਿਸ ਨਾਲ ਉਹ ਪੰਜ ਸਾਲ ਪਹਿਲਾਂ ਡੈਨਮਾਰਕ ਓਪਨ ਵਿੱਚ ਭਿੜਿਆ ਸੀ। ਕਸ਼ਿਅਪ ਦਾ 2015 ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਗ਼ਮਾ ਜੇਤੂ ਜੌਰਗੈਨਸਨ ਖ਼ਿਲਾਫ਼ ਰਿਕਾਰਡ 2-4 ਦਾ ਹੈ। ਡੈਨਮਾਰਕ ਦੇ 31 ਸਾਲਾਂ ਦੇ ਖਿਡਾਰੀ ਨੇ ਅੱਠਵਾਂ ਦਰਜਾ ਇੰਡੋਨੇਸ਼ੀਆ ਦੇ ਖਿਡਾਰੀ ਐਂਥੋਨੀ ਸਿਨੀਸੁਕਾ ਜਿੰਟਿੰਗ ਨੂੰ 58 ਮਿੰਟਾਂ ਤੱਕ ਚੱਲੇ ਮੁਕਾਬਲੇ ’ਚ 17-21, 21-16, 21-13 ਨਾਲ ਮਾਤ ਦਿੱਤੀ।
ਕਸ਼ਿਅਪ ਨੇ ਪ੍ਰੀ-ਕੁਆਰਟਰ ਫਾਈਨਲ ਮੈਚ ਬਾਰੇ ਕਿਹਾ ਕਿ ਦੂਜੇ ਗੇਮ ਦੇ ਪਹਿਲੇ ਹਿੱਸੇ ’ਚ ਉਹ ਕਾਫੀ ਵਧੀਆ ਖੇਡਿਆ। ਉਹ ਜੂਝ ਰਿਹਾ ਸੀ ਅਤੇ ਇਕ ਵਾਰ ਉਸ ਨੇ ਵੱਡੀ ਬੜ੍ਹਤ ਲੈ ਲਈ ਤਾਂ ਉਸ ਨੇ ਕਾਫੀ ਵਧੀਆ ਸ਼ਾਟ ਮਾਰੇ। ਸਕੋਰ ਬਰਾਬਰ ਕਰਨਾ ਮੁਸ਼ਕਿਲ ਸੀ। ਉਸ ਨੇ ਕਿਹਾ ਕਿ ਤੀਜੇ ਮੈਚ ’ਚ ਉਸ ਨੇ ਰਫ਼ਤਾਰ ਵਧਾਈ ਅਤੇ ਤੇਜ਼ ਗੇਮ ਖੇਡਿਆ। ਉਸ ਨੇ ਡੈਰੇਨ ਨੂੰ ਵੱਡੀ ਬੜ੍ਹਤ ਹਾਸਲ ਨਹੀਂ ਕਰਨ ਦਿੱਤੀ। ਜੌਰਗੈਨਸਨ ਨਾਲ ਖੇਡਣ ਬਾਰੇ ਕਸ਼ਿਅਪ ਨੇ ਕਿਹਾ ਕਿ ਇਹ ਚੰਗਾ ਮੈਚ ਹੋਵੇਗਾ। ਉਸ ਨੇ ਜਿਨਟਿੰਗ ਨੂੰ ਹਰਾਇਆ, ਇਸ ਵਾਸਤੇ ਉਹ ਚੰਗੀ ਫਾਰਮ ’ਚ ਹੈ। ਇਹ ਚੰਗਾ ਮੁਕਾਬਲਾ ਹੋਵੇਗਾ। ਇਸ ਬੀਡਬਲਿਊਐੱਫ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ’ਚ ਸਿਰਫ਼ ਕਸ਼ਿਅਪ ਇੱਕਮਾਤਰ ਭਾਰਤੀ ਬਚਿਆ ਹੈ।
ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਪਹਿਲੇ ਗੇੜ ’ਚ ਹਾਰ ਕੇ ਬਾਹਰ ਹੋ ਗਈ ਸੀ ਜਦੋਂਕਿ ਸਾਇਨਾ ਨੇਹਵਾਲ ਨੂੰ ਬਿਮਾਰ ਹੋਣ ਕਾਰਨ ਹਟਣਾ ਪਿਆ ਸੀ। ਸਿੰਧੂ ਨੂੰ ਸ਼ੁਰੂਆਤੀ ਗੇੜ ਦੇ ਮੈਚ ’ਚ ਅਮਰੀਕਾ ਦੀ ਬੇਈਵੇਨ ਝਾਂਗ ਤੋਂ 7-21, 24-22, 15-21 ਤੋਂ ਹਾਰ ਮਿਲੀ ਸੀ। ਲੰਡਨ ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਸਾਇਨਾਂ 21-19, 18-21 ਅਤੇ 1-8 ਨਾਲ ਪੱਛੜ ਰਹੀ ਸੀ ਜਦੋਂ ਉਸ ਨੂੰ ਬਿਮਾਰੀ ਕਾਰਨ ਰਿਟਾਇਰ ਹੋਣ ਲਈ ਮਜਬੂਰ ਹੋਣਾ ਪਿਆ। ਵਿਸ਼ਵ ਚੈਂਪੀਅਨਸ਼ਿਪ ਦਾ ਪੁਰਸ਼ ਸਿੰਗਲਜ਼ ਕਾਂਸੀ ਤਗ਼ਮਾ ਜੇਤੂ ਬੀ ਸਾਈ ਪ੍ਰਣੀਤ ਵੀ ਟੂਰਨਾਮੈਂਟ ਤੋਂ ਸ਼ੁਰੂਆਤੀ ਗੇੜ ’ਚ ਬਾਹਰ ਹੋ ਗਿਆ ਸੀ।