ਨਵੀਂ ਦਿੱਲੀ, 19 ਅਪਰੈਲ
ਦੇਸ਼ ’ਚ ਕਰੋਨਾ ਮਹਾਮਾਰੀ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸੋਮਵਾਰ ਨੂੰ ਇੰਡੀਆ ਓਪਨ ਸੁਪਰ 500 ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ। ਇਹ ਟੂਰਨਾਮੈਂਟ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਸਤੇ ਆਖਰੀ ਤਿੰਨ ਟੂਰਨਾਮੈਂਟਾਂ ਵਿੱਚੋਂ ਇੱਕ ਹੈ। ਚਾਰ ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲਾ ਇੰਡੀਆ ਓਪਨ ਅਗਲੇ ਮਹੀਨੇ 11 ਤੋਂ 16 ਮਈ ਤੱਕ ਦਿੱਲੀ ਵਿੱਚ ਕਰਵਾਏ ਜਾਣ ਦਾ ਪ੍ਰੋਗਰਾਮ ਸੀ। ਇੱਕ ਵਰਚੁਅਲ ਪ੍ਰੈੱਸ ਕਾਨਫਰੰਸ ਦੌਰਾਨ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ (ਬੀਏਆਈ) ਦੇ ਜਨਰਲ ਸਕੱਤਰ ਅਜੈ ਸਿੰਘਾਨੀਆ ਨੇ ਕਰੋਨਾ ਮਹਾਮਾਰੀ ਦੀ ਚੁਣੌਤੀ ਹਵਾਲਾ ਦਿੰਦਿਆਂ ਕਿਹਾ, ‘ਬੀਏਆਈ ਕੋਲ ਇਸ ਸਮੇਂ ਟੂਰਨਾਮੈਂਟ ਨੂੰ ਮੁਲਤਵੀ ਕਰਨ ਦਾ ਐਲਾਨ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਬਚਿਆ।’ ਉਨ੍ਹਾਂ ਕਿਹਾ, ‘ਇਸ ਸਬੰਧੀ ਬੈਡਮਿੰਟਨ ਵਰਲਡ ਫੈਡਰੇਸ਼ਨ ਤੋਂ ਇਲਾਵਾ ਦਿੱਲੀ ਸਰਕਾਰ ਅਤੇ ਹਿੱਤਧਾਰਕਾਂ ਨਾਲ ਕਈ ਗੇੜਾਂ ’ਚ ਗੱਲਬਾਤ ਕੀਤੀ ਅਤੇ ਬੀਏਆਈ ਨੂੰ ਖਿਡਾਰੀਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਲਈ ਇਹ ਫ਼ੈਸਲਾ ਲੈਣ ਦੀ ਲੋੜ ਸੀ।’