ਕੁਈਨਜ਼ ਪਾਰਕ, 20 ਦਸੰਬਰ : ਸਿੱਖਿਆ ਮੰਤਰੀ ਲੀਜ਼ਾ ਥੌਂਪਸਨ ਨੇ ਅੱਜ ਆਖਿਆ ਕਿ ਸਾਡੀ ਸਰਕਾਰ ਵੱਲੋਂ 25 ਮਿਲੀਅਨ ਡਾਲਰ ਦੀ ਰਕਮ ਦੀ ਉਨ੍ਹਾਂ ਪ੍ਰੋਗਰਾਮਾਂ ਵਿੱਚੋਂ ਕਟੌਤੀ ਕੀਤੀ ਗਈ ਹੈ ਜਿਹੜੇ ਪ੍ਰੋਗਰਾਮ ਬੇਲੋੜੇ ਹਨ।
ਉਨ੍ਹਾਂ ਇਹ ਵੀ ਆਖਿਆ ਕਿ ਜਿਹੜੇ ਸਕੂਲ ਬੋਰਡ ਕਲਾਸਰੂਮਜ਼ ਵਿੱਚ ਬੱਚਿਆਂ ਨੂੰ ਪੜ੍ਹਾਉਣ ਤੇ ਸਕੂਲ ਤੋਂ ਬਾਅਦ ਵਾਲੀਆਂ ਗਤੀਵਿਧੀਆਂ ਲਈ ਵਿਦਿਆਰਥੀਆਂ ਨੂੰ ਪਾਰਟ ਟਾਈਮ ਹਾਇਰ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਪੈਸੇ ਖੁੱਸਣ ਦਾ ਡਰ ਹੈ ਤਾਂ ਉਹ ਆਪਣੇ ਬਜਟ ਦੇ ਹੋਰਨਾਂ ਹਿੱਸਿਆਂ ਵਿੱਚ ਕਟੌਤੀ ਕਰਕੇ ਅਜਿਹੇ ਪ੍ਰੋਗਰਾਮ ਚਲਾ ਸਕਦੇ ਹਨ।
ਕੁਈਨਜ਼ ਪਾਰਕ ਵਿਖੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥੌਂਪਸਨ ਨੇ ਆਖਿਆ ਕਿ ਪਿਛਲੀ ਸਰਕਾਰ ਵੱਲੋਂ ਇਸ ਸਿੱਖਿਆ ਵਾਲੇ ਪ੍ਰੋਗਰਾਮ ਨੂੰ ਮੈਚਿੰਗ ਡਾਲਰ ਪ੍ਰੋਗਰਾਮ ਵਜੋਂ ਚਲਾਇਆ ਗਿਆ ਸੀ। ਇਸ ਲਈ ਬੋਰਡ ਨੇ ਵੀ 50 ਫੀ ਸਦੀ ਹਿੱਸੇਦਾਰੀ ਨਿਭਾਉਣੀ ਸੀ। ਇਸ ਲਈ ਜੇ ਬੋਰਡ ਇਸ ਪ੍ਰੋਗਰਾਮ ਨੂੰ ਚਾਲੂ ਰੱਖਣਾ ਚਾਹੁੰਦੇ ਹਨ ਤਾਂ ਉਹ ਆਪਣੀ ਜਨਰਲ ਐਜੂਕੇਸ਼ਨ ਗ੍ਰਾਂਟ ਵਿੱਚੋਂ ਅਜਿਹਾ ਕਰਨਾ ਜਾਰੀ ਰੱਖ ਸਕਦੇ ਹਨ।
ਇਸ ਦੌਰਾਨ ਬੋਰਡਜ਼ ਦਾ ਕਹਿਣਾ ਹੈ ਕਿ ਇਨ੍ਹਾਂ ਨਵੀਆਂ ਕਟੌਤੀਆਂ ਬਾਰੇ ਉਨ੍ਹਾਂ ਨੂੰ ਹਨ੍ਹੇਰੇ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਕਟੌਤੀਆਂ ਬਾਰੇ ਸਰਕਾਰ ਨੇ ਪਿਛਲੇ ਹਫਤੇ ਹੀ ਈਮੇਲਜ਼ ਰਾਹੀਂ ਸਕੂਲ ਬੋਰਡਜ਼ ਨੂੰ ਜਾਣਕਾਰੀ ਦਿੱਤੀ ਸੀ। ਬਹੁਤੇ ਬੋਰਡਜ਼ ਤਾਂ ਅਜੇ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਹ ਇਸ ਵਿੱਤੀ ਝਟਕੇ ਨੂੰ ਕਿਸ ਤਰ੍ਹਾਂ ਬਰਦਾਸ਼ਤ ਕਰਨਗੇ। ਕੈਥੋਲਿਕ ਬੋਰਡ ਚੇਅਰ ਮਾਰੀਆ ਰਿਜ਼ੋ ਦਾ ਕਹਿਣਾ ਹੈ ਕਿ ਮੰਤਰੀ ਨੂੰ ਗਲਤ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਪ੍ਰੋਵਿੰਸ ਵੱਲੋਂ ਦਿੱਤੇ ਜਾਣ ਵਾਲੇ ਫੰਡਾਂ ਉੱਤੇ ਹੀ ਆਧਾਰਿਤ ਸੀ।