ਨਵੀਂ ਦਿੱਲੀ:ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਨੇ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਦੇ ਸਟੈਂਡ ਵਿਚੋਂ ਆਪਣਾ ਨਾਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਉਸ ਦਾ ਨਾਂ ਹਟਾਇਆ ਨਹੀਂ ਗਿਆ ਤਾਂ ਉਹ ਦਿੱਲੀ ਕ੍ਰਿਕਟ ਐਸੋਸੀਏਸ਼ਨ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ। ਸ੍ਰੀ ਬੇਦੀ ਨੇ ਪਿਛਲੇ ਹਫਤੇ ਡੀਡੀਸੀਏ ਨੂੰ ਪੱਤਰ ਲਿਖ ਕੇ ਇਸ ਦੇ ਸਾਬਕਾ ਮੁਖੀ ਮਰਹੂਮ ਅਰੁਣ ਜੇਤਲੀ ਦਾ ਬੁੱਤ ਕੋਟਲਾ ਵਿਚ ਲਗਾਉਣ ਦੀ ਨਿਖੇਧੀ ਕੀਤੀ ਸੀ। ਸ੍ਰੀ ਬੇਦੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕੋਟਲਾ ਸਟੇਡੀਅਮ ਵਿਚ ਅਜਿਹੇ ਰਾਜਸੀ ਆਗੂ ਦਾ ਬੁੱਤ ਲੱਗੇ ਜੋ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਹਿੱਸਾ ਰਿਹਾ ਹੋਵੇ। ਦਿੱਲੀ ਕ੍ਰਿਕਟ ਐਸੋਸੀਏਸ਼ਨ ਨੇ ਸਾਲ 2017 ਵਿਚ ਸਟੇਡੀਅਮ ਦੇ ਇਕ ਸਟੈਂਡ ਦਾ ਨਾਂ ਬਿਸ਼ਨ ਸਿੰਘ ਬੇਦੀ ਦੇ ਨਾਂ ’ਤੇ ਰੱਖਿਆ ਸੀ।