ਪਟਿਆਲਾ, 10 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਹੋਣ ਦਾ ਢੌਂਗ ਰਚ ਰਹੀ ਕਾਂਗਰਸ ਬੇਅਦਬੀ ਮਾਮਲੇ ਵਿੱਚ ਸਿਆਸਤ ਕਰ ਰਹੀ ਹੈ, ਜੋ ਅਤਿ ਨਿੰਦਣਯੋਗ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਬਾਦਲ ਪਰਿਵਾਰ ਨੂੰ ਨੀਵਾਂ ਵਿਖਾਉਣ ਲਈ ਹਰ ਹਰਬਾ ਵਰਤ ਰਹੀ ਹੈ। ਉਹ ਅੱਜ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੇ ਧਾਮੋਮਾਜਰਾ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਖ਼ਾਲਸਾ ਪਬਲਿਕ ਸਕੂਲ ਦਾ ਉਦਘਾਟਨ ਕਰਨ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲੇ ’ਤੇ ਪਹਿਲਾਂ ਬਣੀ ਸਿੱਟ ਤੇ ਕਮਿਸ਼ਨ ਦੀ ਜਾਚ ਦੌਰਾਨ ਅਜਿਹਾ ਕੁਝ ਨਹੀਂ ਨਿਕਲਿਆ, ਜਿਸ ਵਿੱਚ ਅਕਾਲੀ ਦਲ ਜਾਂ ਬਾਦਲ ਪਰਿਵਾਰ ਨੂੰ ਦੋਸ਼ੀ ਠਹਿਰਾਇਆ ਜਾ ਸਕੇ ਪਰ ਕਾਂਗਰਸ ਬੇਅਦਬੀ ਦੇ ਇਸ ਅਤਿ ਸੰਵੇਦਨਸ਼ੀਲ ਮਾਮਲੇ ’ਤੇ ਸਿਆਸਤ ਕਰਦਿਆਂ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾ ਰਹੀ ਹੈ।
ਕਰਤਾਰਪੁਰ ਕੋਰੀਡੋਰ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਰੋਨਾ ਘਟਣ ਮਗਰੋਂ ਹੁਣ ਜਦੋਂ ਸਾਰਾ ਕੁਝ ਖੁੱਲ੍ਹ ਗਿਆ ਹੈ ਪਰ ਕੋਰੀਡੋਰ ਨਹੀਂ ਖੋਲ੍ਹਿਆ ਜਾ ਰਿਹਾ। ਵਿਧਾਨ ਸਭਾ ਚੋਣਾਂ ਸਬੰਧੀ ਉਨ੍ਹਾਂ ਕਿਹਾ ਕਿ ਉਹ ਮੀਰੀ ਪੀਰੀ ਦੇ ਸਿਧਾਂਤ ‘ਤੇ ਚੱਲਣਗੇ ਅਤੇ ਧਰਮ ਤੇ ਰਾਜਨੀਤੀ ਵਿੱਚੋਂ ਪਹਿਲੇ ਨੰਬਰ ‘ਤੇ ਧਰਮ ਨੂੰ ਰੱਖਿਆ ਜਾਣਾ ਚਾਹੀਦਾ ਪਰ ਫਿਰ ਵੀ ਜੋ ਪਾਰਟੀ ਵੱਲੋਂ ਹੁਕਮ ਹੋਵੇਗਾ ਉਹ ਉਸੇ ਹਿਸਾਬ ਨਾਲ ਚੋਣ ਲੜਨਗੇ। ਪਟਿਆਲਾ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਬਾਰੇ ਕਿਹਾ ਕਿ ਕਈ ਵਾਰ ਰਾਸ਼ਟਰਪਤੀ ਨੂੰ ਅਪੀਲ ਕਰਨ ਦੇ ਬਾਵਜੂਦ ਕੇਦਰ ਸਰਕਾਰ ਕੇਸ ਨੂੰ ਜਾਣਬੁੱਝ ਕੇ ਲਮਕਾ ਰਹੀ ਹੈ।