ਸ੍ਰੀ ਆਨੰਦਪੁਰ ਸਾਹਿਬ, ਇੱਥੇ ਸੁੰਦਰ ਆਸ਼ਰਮ ਡੇਰੇ ਵਿੱਚ ਬੀਤੇ ਦਿਨੀਂ ਪਾਵਨ ਸਰੂਪ ਦੀ ਬੇਅਦਬੀ ਦੇ ਦੋਸ਼ ਵਿੱਚ ਡੇਰੇ ਦੇ ਮੁਖੀ ਬਾਬਾ ਸੰਤੋਖ ਸਿੰਘ ਪਾਲਦੀ ਵਾਲਿਆਂ ਨੂੰ ਅੱਜ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜ ਦਿਨ ਬਰਤਨ ਸਾਫ਼ ਕਰਨ, ਇੱਕ ਘੰਟਾ ਗੁਰਬਾਣੀ ਸਰਵਣ ਕਰਨ ਤੇ ਸਹਿਜ ਪਾਠ ਕਰਨ ਦੀ ਤਨਖ਼ਾਹ ਲਾਈ ਹੈ।
ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਪੰਜਾਂ ਪਿਆਰਿਆਂ ਦੇ ਸਨਮੁੱਖ ਪੇਸ਼ ਹੋਏ ਬਾਬਾ ਸੰਤੋਖ ਸਿੰਘ ਪਾਲਦੀ ਵਾਲਿਆਂ ਨੇ ਆਪਣੇ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਧਾਰਮਿਕ ਗ੍ਰੰਥਾਂ, ਪੋਥੀਆਂ ਤੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਗੱਲ ਨੂੰ ਸਵੀਕਾਰ ਕੀਤਾ ਹੈ ਤੇ ਖਿਮਾ ਮੰਗੀ।
ਇਸ ਤੋਂ ਬਾਅਦ ਲਏ ਫ਼ੈਸਲੇ ਅਨੁਸਾਰ ਬਾਬਾ ਸੰਤੋਖ ਸਿੰਘ ਪਾਲਦੀ ਵਾਲਿਆਂ ਨੂੰ ਧਾਰਮਿਕ ਸੇਵਾ ਲਾਉਣ ਦਾ ਐਲਾਨ ਕੀਤਾ ਗਿਆ। ਬਾਬਾ ਸੰਤੋਖ ਸਿੰਘ ਨੂੰ ਲਗਾਤਾਰ ਪੰਜ ਦਿਨ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਬਰਤਨ ਸਾਫ਼ ਕਰਨ, ਇੱਕ ਘੰਟਾ ਗੁਰਬਾਣੀ ਕੀਰਤਨ ਸਰਵਣ ਕਰਨ ਮਗਰੋਂ 10 ਦਿਨਾਂ ਦੇ ਅੰਦਰ-ਅੰਦਰ ਸਹਿਜ ਪਾਠ ਖ਼ੁਦ ਕਰਨ ਜਾਂ ਸਰਵਣ ਕਰਨ ਦੀ ਸੇਵਾ ਲਾਈ ਗਈ ਹੈ।
ਇਸ ਤੋਂ ਬਾਅਦ ਉਨ੍ਹਾਂ ਨੂੰ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਹਾਜ਼ਰ ਹੋ ਕੇ 500 ਰੁਪਏ ਦਾ ਕੜਾਹ ਪ੍ਰਸ਼ਾਦਿ ਕਰਵਾਉਣ ਅਤੇ 500 ਰੁਪਏ ਗੁਰੂ ਦੀ ਗੋਲਕ ਵਿੱਚ ਪਾ ਕੇ ਖਿਮਾ ਜਾਚਨਾ ਲਈ ਅਰਦਾਸ ਕਰਾਉਣ ਲਈ ਆਖਿਆ ਗਿਆ ਹੈ।