ਨਵੀਂ ਦਿੱਲੀ: 27 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਪੱਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਝੂਠੇ ਇਲਜ਼ਾਮ ਲਗਾਉਣ ਵਾਲਿਆਂ ਦਾ ਕੱਖ ਨਹੀਂ ਰਿਹਾ।
ਅੱਜ ਇੱਥੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਉਹਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਰਟੀ ਦੀ ਦਿੱਲੀ ਇਕਾਈ ਵੱਲੋਂ ਸਨਮਾਨਿਤ ਕੀਤੇ ਜਾਣ ਪਿਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਪੰਜਾਬ ਅੰਦਰ ਕਾਂਗਰਸ ਸਮੇਤ ਸਾਰੀਆਂ ਹੀ ਪਾਰਟੀਆਂ ਨੇ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਨਿਸ਼ਾਨਾ ਬਣਾਇਆ ਹੋਇਆ ਸੀ।
ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਦੂਜੇ ਦਲਾਂ ਵੱਲੋਂ ਸਾਡੇ ਉਪੱਰ ਵਾਰ-ਵਾਰ ਝੂਠੇ ਦੋਸ਼ ਲਗਾਏ ਗਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ ਪਰ ਜਿਸ ਮਹਾਨ ਗੁਰੂ ਦਾ ਨਾਮ ਆਪਣੇ ਸਿਆਸੀ ਲਾਭ ਲਈ ਵਰਤ ਕੇ ਪੰਥ ਦੀ ਨੁਮਾਇੰਦਾ ਕਰਦੀ ਸ਼੍ਰੋਮਣੀ ਅਕਾਲ ਦਲ ਨੂੰ ਬਦਨਾਮ ਕਰਦੇ ਰਹੇ, ਉਸ ਗੁਰੂ ਨੇ ਹੀ ਫ਼ੈਸਲਾ ਕਰ ਦਿੱਤਾ ਤੇ ਉਹਨਾਂ ਆਗੁਆਂ ਦਾ ਚੋਣਾਂ ‘ਚ ਹਸ਼ਰ ਬਹੁਤ ਬੁਰਾ ਹੋਇਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਪ੍ਰਤੀਸ਼ਤ ੨੦੧੭ ਦੇ ਮੁਕਾਬਲੇ ੭ ਪ੍ਰਤੀਸ਼ਤ ਵਧਿਆ ਹੈ।
ਅਕਾਲੀ ਪ੍ਰਧਾਨ ਨੇ ਦੱਸਿਆ ਕਿ ਸਾਲ ੨੦੧੭ ਦੀਆਂ ਚੋਣਾਂ ‘ਚ ਅਕਾਲੀ ਦਲ ਨੂੰ ੩੦ ਫ਼ੀਸਦੀ ਵੋਟ ਪਏ ਸਨ ਜਦੋਂ ਕਿ ਇਸ ਵਾਰ ੩੭ ਫ਼ੀਸਦੀ ਪਏ ਹਨ। ਉਹਨਾਂ ਦੱਸਿਆ ਕਿ ਇਸਦੇ ਉਲਟ ਕਾਂਗਰਸ ਦਾ ਵੋਟ ਪ੍ਰਤੀਸ਼ਤ ੨੦੧੭ ਦੇ ਮੁਕਾਬਲੇ ਇਸ ਵਾਰ ਘਟਿਆ ਹੈ। ਉਹਨਾ ਅੱਗੇ ਕਿਹਾ ਕਿ ੨੦੧੭ ‘ਚ ਕਾਂਗਰਸ ਨੂੰ ੫੯ ਲੱਖ ਵੋਟ ਪਏ ਸਨ ਜਦੋਂ ਕਿ ਇਸ ਵਾਰ ਉਸਨੂੰ ੪੭ ਲੱਖ ਵੋਟ ਪਏ ਹਨ, ਜਦੋਂ ਕਿ ਅਕਾਲੀ ਦਲ ਨੂੰ ੨੦੧੭ ‘ਚ ੫੧ ਲੱਖ ਵੋਟ ਪਏ ਸਨ ਪਰ ਇਸ ਵਾਰ ਵੱਧ ਕੇ ੫੫ ਲੱਖ ਹੋ ਗਏ ਹਨ।
ਸ. ਬਾਦਲ ਨੇ ਕਿਹਾ ਕਿ ਜਿਹੜੇ ਲੋਕ ਬਰਗਾੜੀ ਮੋਰਚਾ ਲਗਾ ਕੇ ਅਕਾਲੀ ਦਲ ਨੂੰ ਭੰਡਣ ਦਾ ਕੰਮ ਕਰ ਰਹੇ ਸਨ ਅਤੇ ਕਾਂਗਰਸ ਵਿਚ ਸੁਨੀਲ ਜਾਖੜ ਸਭ ਤੋਂ ਵੱਧ ਰੌਲਾ ਪਾ ਰਹੇ ਸਨ, ਉਹਨਾਂ ਦਾ ਹਸ਼ਰ ਤੁਸੀਂ ਵੇਖ ਹੀ ਲਿਆ ਹੈ। ਉਹਨਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਵੀ ਬੇਅਦਬੀ ਮੁੱਦੇ ਤੇ ਲਾਭ ਲੈਣ ਲਈ ਪ੍ਰਚਾਰ ਕਰਦਾ ਫ਼ਿਰ ਰਿਹਾ ਸੀ। ਅਕਾਲੀ ਪ੍ਰਧਾਨ ਨੇ ਦੱਸਿਆ ਕਿ ਪ੍ਰਮਾਤਮਾ ਨੇ ਇਹਨਾਂ ਦਾ ਚੋਣਾਂ ਵਿਚ ਬੁਰਾ ਹਾਲ ਕਰ ਦਿੱਤਾ ਹੈ ਅਤੇ ਇਹਨਾਂ ਦਾ ਕੱਖ ਨਹੀਂ ਰਿਹਾ। ਉਹਨਾਂ ਦੱਸਿਆ ਕਿ ਜਵਾਰਕੇ, ਸਿਮਰਨਜੀਤ ਸਿੰਘ ਮਾਨ ਤੇ ਖਹਿਰਾ ਦੀਆਂ ਜ਼ਮਾਨਤਾ ਤੱਕ ਜ਼ਬਤ ਹੋਈਆਂ ਹਨ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਨਿੱਜੀ ਪਾਰਟੀ ਨਹੀਂ ਸਗੋਂ ਪੰਥ ਦੀ ਨੁਮਾਇੰਦਾ ਪਾਰਟੀ ਹੈ ਅਤੇ ਪ੍ਰਮਾਤਮਾ ਨੇ ਆਪਣੇ ਸੇਵਕਾਂ ਦੀ ਆਪ ਲਾਜ ਰੱਖੀ ਹੈ।
ਇਸ ਮੌਕੇ ਬੋਲਦਿਆਂ ਦਿੱਲੀ ਸਿੱਖ ਗੁਰੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ੀਪ ਨੇ ਗੁਰੂ ਅੱਗੇ ਅਰਦਾਸ ਕੀਤੀ ਸੀ ਜੋ ਪ੍ਰਮਾਤਮਾ ਨੇ ਆਪਣੇ ਸੇਵਕਾਂ ਦੀ ਅਰਦਾਸ ਸੁਣੀ ਹੈ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਝੂਠੇ ਇਲਜ਼ਾਮ ਲਗਾਉਣ ਵਾਲਿਆਂ ਦੇ ਮੂੰਹ ਤੇ ਚਪੇੜ ਪਈ ਹੈ।
ਉਹਨਾਂ ਕਿਹਾ ਕਿ ਸਿੱਖਾਂ ਦੇ ਕਾਤਲ ਗਾਂਧੀ ਪਰਿਵਾਰ ਦੇ ਰਾਹੁਲ ਗਾਂਧੀ ਨੂੰ ਬਰਗਾੜੀ ‘ਚ ਲਿਜਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕ ਜਾਣਦੇ ਹਨ ਕਿ ਜਿਹੜੀ ਕਾਂਗਰਸ ਨੇ ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਵਾਈ, ਉਸ ਪਾਪੀ ਪਰਿਵਾਰ ਦੇ ਰਾਹੁਲ ਨੂੰ ਬਰਗਾੜੀ ਲਿਜਾਣ ਵਾਲਿਆਂ ਦੇ ਮੂੰਹ ‘ਤੇ ਕੌਮ ਨੇ ਚਪੇੜ ਮਾਰੀ ਹੈ। ਉਹਨਾਂ ਕਿਹਾ ਕਿ ਅਸੀਂ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਉਹਨਾਂ ਦੀ ਜਿੱਤ ‘ਤੇ ਵਧਾਈ ਦਿੰਦੇ ਹਾਂ ਜਿਹਨਾਂ ਨੇ ਨਿੰਦਕਾਂ ਦਾ ਡਟ ਕੇ ਮੁਕਾਬਲਾ ਕੀਤਾ। ਉਹਨਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਨੇ ਇਹ ਵੀ ਅਰਦਾਸ ਕੀਤੀ ਹੈ ਕਿ ਬੇਅਦਬੀ ਦੇ ਦੋਸ਼ੀ ਜੇਲ੍ਹਾਂ ‘ਚ ਜਾਣਗੇ।
ਸ. ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਉਹਨਾਂ ਸਭ ਮੈਂਬਰਾਂ ਅਤੇ ਆਗੂਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਚੋਣਾਂ ‘ਚ ਪ੍ਰਚਾਰ ਦੌਰਾਨ ਆਪਣਾ ਯੋਗਦਾਨ ਪਾਇਆ। ਇਸ ਸਮੇਂ ਬੀਬੀ ਰਣਜੀਤ ਕੌਰ, ਕੁਲਵੰਤ ਸਿੰਘ ਬਾਠ, ਹਰਮਨਜੀਤ ਸਿੰਘ, ਭੁਪਿੰਦਰ ਸਿੰਘ ਭੁੱਲਰ, ਆਤਮਾ ਸਿੰਘ ਲੁਬਾਣਾ, ਜਗਦੀਪ ਸਿੰਘ ਕਾਹਲੋਂ, ਪਰਮਜੀਤ ਸਿੰਘ ਰਾਣਾ, ਜਸਮੀਨ ਸਿੰਘ ਨੇਕੀ, ਹਰਜੀਤ ਸਿੰਘ ਪੱਪਾ, ਰਮਿੰਦਰ ਸਿੰਘ ਸਵੀਟਾ, ਵਿਕਰਮ ਸਿੰਘ ਰੋਹਿਨੀ, ਨਿਸ਼ਾਨ ਸਿੰਘ ਮਾਨ ਆਦਿ ਸ਼ਾਮਿਲ ਸਨ।