ਪਟਿਆਲਾ, 4 ਅਗਸਤ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਕਿਸੇ ਸਿੱਖ ਦੋਖ਼ੀ ਏਜੰਸੀ ਦਾ ਹੱੱਥ ਹੈ, ਜਿਸ ’ਤੇ ਪੜਚੋਲ ਦੀ ਲੋੜ ਹੈ| ਉਨ੍ਹਾਂ ਇੱਥੇ ਇੱਕ ਧਾਰਮਿਕ ਸਮਾਗਮ ’ਚ ਹਿੱਸਾ ਲੈਣ ਤੋਂ ਪਹਿਲਾਂ ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਮਾੜੇ ਵਰਤਾਰੇ ਲਈ ਸਰਕਾਰਾਂ ’ਤੇ ਦੋਸ਼ ਮੜ੍ਹਨੇ ਸ਼ਾਇਦ ਵਾਜਬ ਨਹੀਂ|
ਜਥੇਦਾਰ ਨੇ ਆਖਿਆ ਕਿ ਸਰਕਾਰ ਚਲਾ ਰਹੀ ਕੋਈ ਵੀ ਧਿਰ ਨਹੀਂ ਚਾਹੁੰਦੀ ਕਿ ਉਸ ਦੇ ਰਾਜ ’ਚ ਅਰਾਜਕਤਾ ਦਾ ਮਾਹੌਲ ਬਣੇ| ਉਨ੍ਹਾਂ ਆਖਿਆ ਕਿ ਕੋਈ ਏਜੰਸੀ ਸਿੱਖ ਕੌਮ ਨੂੰ ਕਮਜ਼ੋਰ ’ਤੇ ਖ਼ਤਮ ਕਰਨ ਦੀ ਦੀ ਸਾਜਿ਼ਸ਼ ’ਚ ਜੁਟੀ ਹੋਈ ਹੈ| ਉਨ੍ਹਾਂ ਆਖਿਆ ਕਿ ਇੰਜ ਲੱਗਦਾ ਹੈ ਕਿ ਕੋਈ ਏਜੰਸੀ ਇਸ ਤਾਕ ’ਚ ਹੈ ਕਿ ਕਿਵੇਂ ਨਾ ਕਿਵੇਂ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਤਖ਼ਤ ਦਾ ਜੋ ਸਿੱਖ ਮਨਾਂ ‘ਚ ਸਤਿਕਾਰ ਤੇ ਸ਼ਰਧਾ ਹੈ, ਨੂੰ ਘਟਾਇਆ ਜਾ ਸਕੇ| ਇੱਕ ਸਵਾਲ ਦੇ ਜਵਾਬ ’ਚ ਜਥੇਦਾਰ ਨੇ ਕਿਹਾ ਕਿ ਉਹ ਕਿਸੇ ਖ਼ਾਸ ਧਿਰ ਦਾ ਨਾਂ ਨਹੀਂ ਲੈਂਦੇ ਤੇ ਨਾ ਹੀ ਇਸ ਪਿੱਛੇ ਆਰਐਸਐਸ ਜਾਂ ਕਾਂਗਰਸ ਹਨ।
ਕੈਪਟਨ ਸਰਕਾਰ ਵੱਲੋਂ ਬੇਅਦਬੀ ਘਟਨਾਵਾਂ ਮੁਤੱਲਕ ਕੇਸ ਸੀਬੀਆਈ ਨੂੰ ਸੌਂਪਣ ਦੇ ਫ਼ੈਸਲੇ ’ਤੇ ਜਥੇਦਾਰ ਨੇ ਆਖਿਆ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਗਠਿਤ ‘ਸਿੱਟ’ ਜਿਸ ਨਤੀਜੇ ’ਤੇ ਅੱਪੜੀ ਸੀ ਇਸ ਤੋਂ ਉਮੀਦ ਸੀ ਕਿ ਕੈਪਟਨ ਸਰਕਾਰ ਪੁਸ਼ਟੀ ਕਰੇਗੀ, ਪਰ ਅਜਿਹਾ ਹੋਇਆ ਨਹੀਂ| ਉਨ੍ਹਾਂ ਆਖਿਆ ਕਿ ਸੀਬੀਆਈ ਨੂੰ ਕੇਸ ਤਾਂ ਪਿਛਲੀ ਸਰਕਾਰ ਨੇ ਵੀ ਸੌਂਪ ਦਿੱਤਾ ਸੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਇੱਕ ਰਿਪੋਰਟ ਨੂੰ ਸਰਕਾਰ ਜੇ ਵਿਧਾਨ ਸਭਾ ’ਚ ਪੇਸ਼ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਬਾਅਦ ਵਿੱਚ ਵਿਚਾਰਨ ਵਾਲਾ ਹੈ, ਫ਼ਿਲਹਾਲ ਟਿਪਣੀ ਕਰਨੀ ਵਾਜਬ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਰਾਜਸੀ ਪੱਧਰ ਦੇ ਮਾਮਲੇ ਅੱਗੇ-ਪਿੱਛੇ ਵੀ ਹੋ ਸਕਦੇ ਹਨ| ਇਸ ਮੌਕੇ ਉਨ੍ਹਾਂ ਨਾਲ ਸ਼ੋ੍ਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਤੇ ਪ੍ਰੋ. ਚੰਦੂਮਾਜਰਾ ਦੇ ਰਾਜਸੀ ਸਕੱਤਰ ਜਗਜੀਤ ਸਿੰਘ ਕੋਹਲੀ ਵੀ ਮੌਜੂਦ ਸਨ|