ਚੰਡੀਗੜ੍ਹ, ਪੰਜਾਬ ਸਰਕਾਰ ਵਲੋਂ ਬੇਅਦਬੀ ਦੇ ਮਾਮਲਿਆਂ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ (ਸਿਟ) ਕੋਲ ਆਈਜੀ ਰੈਂਕ ਦੇ ਦੋ ਅਧਿਕਾਰੀ ਪੇਸ਼ ਹੋਏ। ਸਿੱਟ ਵੱਲੋਂ ਪੁਲੀਸ ਅਧਿਕਾਰੀਆਂ ਤੋਂ ਕਈ ਘੰਟਿਆਂ ਤਕ ਪੁੱਛਗਿਛ ਕੀਤੀ ਗਈ। ਏਡੀਜੀਪੀ ਪ੍ਰਮੋਦ ਕੁਮਾਰ ਦੀ ਅਗਵਾਈ ਹੇਠ ਬਣਾਈ ਗਈ ਇਸ ਜਾਂਚ ਟੀਮ ਵਿੱਚ ਆਈਜੀ ਕੰਵਰ ਵਿਜੇ ਪ੍ਰਤਾਪ, ਅਰੁਣ ਪਾਲ ਸਿੰਘ ਅਤੇ ਕਪੂਰਥਲਾ ਦੇ ਐਸਐਸਪੀ ਸਤਿੰਦਰ ਸਿੰਘ ਸ਼ਾਮਲ ਹਨ। ਪੰਜਾਬ ਪੁਲੀਸ ਦੇ ਆਈਜੀ ਰੈਂਕ ਦੇ ਦੋ ਅਧਿਕਾਰੀਆਂ ਵੱਲੋਂ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਣ ਮਗਰੋਂ ਹੋਰਨਾਂ ਪੁਲੀਸ ਅਧਿਕਾਰੀਆਂ ਦੇ ਜਾਂਚ ਟੀਮ ਕੋਲ ਪੇਸ਼ ਹੋਣ ਲਈ ਰਾਹ ਪੱਧਰਾ ਹੋ ਗਿਆ ਹੈ ਤੇ ਉਹ ਹੁਣ ਅਦਾਲਤ ਵਿੱਚ ਸਟੇਅ ਲੈਣ ਦੀ ਥਾਂ ਟੀਮ ਸਾਹਮਣੇ ਪੇਸ਼ ਹੋਣ ਨੂੰ ਤਰਜੀਹ ਦੇਣਗੇ। ਇਕ ਹੋਰ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਜਿਸ ਦਿਨ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਦੇਗੀ, ਉਹ ਉਸ ਦਿਨ ਪੇਸ਼ ਹੋ ਕੇ ਸਾਰੀ ਸਥਿਤੀ ਬਿਆਨ ਕਰ ਦੇਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਆਈਜੀ ਏ.ਐਸ. ਚਹਿਲ ਦੋ ਦਿਨ ਪਹਿਲਾਂ ਵਿਸ਼ੇਸ਼ ਜਾਂਚ ਸਾਹਮਣੇ ਪੇਸ਼ ਹੋਏ ਸਨ। ਵਿਸ਼ੇਸ਼ ਜਾਂਚ ਟੀਮ ਨੇ ਉਨ੍ਹਾਂ ਕੋਲੋਂ ਲਗਪਗ ਪੰਜ ਘੰਟਿਆਂ ਤਕ ਪੁੱਛਗਿੱਛ ਕੀਤੀ। ਇਸ ਦੌਰਾਨ ਉਨ੍ਹਾਂ ਕੋਲੋਂ ਗੋਲੀਕਾਂਡ ਬਾਰੇ ਕਈ ਸਵਾਲ ਪੁੱਛੇ ਗਏ। ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਅਤੇ ਕੁਝ ਹੋਰ ਥਾਵਾਂ ’ਤੇ ਬੇਅਦਬੀ ਅਤੇ ਉਸ ਮਗਰੋਂ ਬੇਅਦਬੀ ਖ਼ਿਲਾਫ਼ ਰੋਸ ਪ੍ਰਗਟਾਉਂਦੇ ਇਕੱਠ ’ਤੇ ਪਹਿਲਾਂ ਕੋਟਕਪੂਰਾ ਵਿੱਚ ਲਾਠੀਚਾਰਜ ਤੇ ਫ਼ਿਰ ਪੁਲੀਸ ਫਾਇਰਿੰਗ ਦੇ ਕੀ ਕਾਰਨ ਸਨ। ਪੁਲੀਸ ਅਧਿਕਾਰੀ ਤੋਂ ਬਹਿਬਲ ਕਲਾਂ ਵਿਚ ਸ਼ਾਂਤਮਈ ਧਰਨਾਕਾਰੀਆਂ ’ਤੇ ਬਿਨਾਂ ਕਿਸੇ ਭੜਕਾਹਟ ਦੇ ਗੋਲੀ ਚਲਾਉਣ ਨਾਲ ਸਬੰਧਤ ਵੀ ਕਈ ਸਵਾਲ ਪੁੱਛੇ ਗਏ।
ਇਸ ਦੇ ਨਾਲ ਆਈਜੀ ਪਰਮਰਾਜ ਉਮਰਾਨੰਗਲ ਵੀ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਏ ਤੇ ਉਨ੍ਹਾਂ ਕੋਲੋਂ ਵੀ ਗੋਲੀ ਚਲਾਉੁਣ ਸਮੇਤ ਕਈ ਹੋਰ ਸਵਾਲ ਪੁੱਛੇ ਗਏ। ਉਮਰਾਨੰਗਲ, ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂਡ ਵੇਲੇ ਲੁਧਿਆਣਾ ਵਿੱਚ ਤਾਇਨਾਤ ਸਨ। ਉਨ੍ਹਾਂ ਨੂੰ ਹੋਰ ਪੁਲੀਸ ਅਧਿਕਾਰੀਆਂ ਸਮੇਤ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਉਥੇ ਭੇਜਿਆ ਗਿਆ ਸੀ। ਚੇਤੇ ਰਹੇ ਕਿ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਆਉਣ ਮਗਰੋਂ ਬਾਜਾਖਾਨਾ ਵਿੱਚ ਬਹਿਬਲਕਲਾਂ ਕਾਂਡ ਬਾਰੇ ਸਾਲ 2015 ਵਿੱਚ ਦਰਜ ਕੀਤੇ ਕੇਸ ਵਿਚ ਜੂਨੀਅਰ ਤੇ ਸੀਨੀਅਰ ਅਧਿਕਾਰੀਆਂ ਸਮੇਤ ਨੌਂ ਪੁਲੀਸ ਮੁਲਾਜ਼ਮਾਂ ਦੇ ਨਾਂ ਸ਼ਾਮਲ ਕੀਤੇ ਸਨ। ਕੋਟਕਪੂਰਾ ਗੋਲੀਕਾਂਡ ਬਾਰੇ ਇਕ ਹੋਰ ਐਫਆਈਆਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤੀ ਗਈ ਸੀ, ਪਰ ਇਸ ਵਿਚ ਕਿਸੇ ਦਾ ਨਾਂ ਸ਼ਾਮਲ ਨਹੀਂ ਸੀ। ਹਾਲਾਂਕਿ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਆਉਣ ਪਿੱਛੋਂ ਕੁਝ ਦੇ ਨਾਂ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ।