ਸ੍ਰੀ ਆਨੰਦਪੁਰ ਸਾਹਿਬ, ਬੀਤੇ ਦਿਨੀਂ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਬਛੌੜੀ ਵਿੱਚ ਜਗਤਾਰ ਸਿੰਘ ਜੱਗਾ ਵਲੋਂ ਗੁਰਦੁਆਰਾ ਧਰਮਸ਼ਾਲਾ ਵਿੱਚ ਗੁਰੁ ਗ੍ਰੰਥ ਸਾਹਿਬ ਦੇ ਪਾਵਨ ਅੰਗ ਫਾੜ ਕੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਗਈ ਸੀ। ਅੱਜ ਇਸ ਮਾਮਲੇ ਦੇ ਕਥਿਤ ਦੋਸ਼ੀ ਜਗਤਾਰ ਸਿੰਘ ਦਾ ਵੱਡਾ ਭਰਾ ਦਲਜੀਤ ਸਿੰਘ ਆਪਣੇ ਕੁੱਝ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਪੰਜ ਪਿਆਰਿਆਂ ਦੇ ਸਨਮੁੱਖ ਪੇਸ਼ ਹੋਇਆ। ਇਸ ਸਬੰਧੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਲਿਖਤੀ ਰੂਪ ਵਿੱਚ ਜਾਰੀ ਕੀਤੇ ਗਏ ਬਿਆਨ ਅਨੁਸਾਰ ਕਥਿਤ ਦੋਸ਼ੀ ਦੇ ਭਰਾ ਨੇ ਆਪਣਾ ਪੱਖ ਰੱਖਦਿਆਂ ਹੋਇਆਂ ਸ਼ਪਸ਼ਟ ਕੀਤਾ ਕਿ ਜਗਤਾਰ ਸਿੰਘ ਨਾਲ ਸਾਡੇ ਪਰਿਵਾਰ ਦਾ ਕੋਈ ਸੰਬੰਧ ਨਹੀਂ ਹੈ ਉਹ ਸਾਡੇ ਘਰ ਵਿੱਚ ਵੀ ਨਹੀਂ ਰਹਿੰਦਾ, ਨਸ਼ੇ ਕਰਨ ਦਾ ਆਦੀ ਹੈ ਅਤੇ ਅਵਾਰਾ ਘੁੰਮਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਮਾਤਾ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨੀਆਂ ਹਨ ਇਸ ਕਰਕੇ ਸੁਖਮਨੀ  ਸਾਹਿਬ ਦਾ ਪਾਠ ਕਰਵਾਉਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਗੁਰੁ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਤਖਤ ਸਾਹਿਬ ਵੱਲੋਂ ਜਾਰੀ ਬਿਆਨ ਅਨੁਸਾਰ ਦਲਜੀਤ ਸਿੰਘ ਵੱਲੋਂ ਪੇਸ਼ ਹੋ ਕੇ ਦਿੱਤੇ ਸ਼ਪਸਟੀਕਰਨ ਤੋਂ ਸਾਬਤ ਹੁੰਦਾ ਹੈ ਕਿ ਜਗਤਾਰ ਸਿੰਘ ਵਲੋਂ ਕੀਤਾ ਗਿਆ ਇਹ ਕਾਰਾ ਅਤਿ ਨਿੰਦਣਯੋਗ ਹੈ। ਦਲਜੀਤ ਸਿੰਘ ਨੇ ਪੰਜ ਪਿਆਰਿਆਂ ਅੱਗੇ ਇਹ ਵੀ ਮੰਨਿਆ ਕਿ ਜੇ ਕੋਈ ਵਿਅਕਤੀ ਸਾਡਾ ਕਿਸੇ ਵੀ ਦੇਹਧਾਰੀ ਜਾਂ ਅਨਮਤੀ ਨਾਲ ਕੋਈ ਸਬੰਧ ਸਾਬਤ ਕਰ ਦੇਵੇ ਤਾਂ ਉਹ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹੈ।