ਲਾਹੌਰ, 11 ਅਗਸਤ
ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਜੇਲ੍ਹ ’ਚ ਸਜ਼ਾ ਕੱਟ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉੱਚ ਸੁਰੱਖਿਆ ਵਾਲੀ ਅਟਕ ਜੇਲ੍ਹ ਵਿੱਚ ਪਹਿਲੀ ਵਾਰ ਆਪਣੀ ਪਤਨੀ ਬੁਸ਼ਰਾ ਬੀਬੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਵਕੀਲ ਨਈਮ ਹੈਦਰ ਪੰਝੂਠਾ ਨੇ ‘X’ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਪੀਟੀਆਈ ਮੁਖੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਦੀ ਮੁਲਾਕਾਤ ਲਗਪਗ ਅੱਧੇ ਘੰਟੇ ਤੱਕ ਚੱਲੀ। ਉਨ੍ਹਾਂ ਦੱਸਿਆ ਕਿ ਬੁਸ਼ਰਾ ਬੀਬੀ ਨੇ ਦੱਸਿਆ,‘ਖਾਨ ਸਾਹਿਬ ਪੂਰੀ ਤਰ੍ਹਾਂ ਠੀਕ ਹਨ ਪਰ ਉਨ੍ਹਾਂ ਨੂੰ ‘ਸੀ’ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਕਾਨੂੰਨੀ ਟੀਮ ਨੂੰ ਉਨ੍ਹਾਂ ਨਾਲ ਮਿਲਣ ਦੀ ਆਗਿਆ ਨਹੀਂ ਦਿੱਤੀ ਗਈ। ਅਸੀਂ ਭਲਕੇ ਹਾਈ ਕੋਰਟ ਵਿੱਚ ਇਹ ਮਾਮਲਾ ਰੱਖਾਂਗੇ।’ ਜ਼ਿਕਰਯੋਗ ਹੈ ਕਿ 48 ਸਾਲਾ ਬੁਸ਼ਰਾ ਬੀਬੀ ’ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹੋਏ ਹਨ।