ਨਵੀਂ ਦਿੱਲੀ, ਭਾਰਤ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਲੜੀ ਤੋਂ ਪਹਿਲਾਂ ਉਸ ਸਮੇਂ ਤਕੜਾ ਝਟਕਾ ਲਗਿਆ ਜਦੋਂ ਉਸ ਦਾ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿੱਠ ਦੇ ਦਰਦ ਕਾਰਨ ਤਿੰਨ ਮੈਚਾਂ ਦੀ ਲੜੀ ’ਚੋਂ ਬਾਹਰ ਹੋ ਗਿਆ। ਉਸ ਦੇ ਬੰਗਲਾਦੇਸ਼ ਖ਼ਿਲਾਫ਼ ਲੜੀ ਵਿੱਚ ਖੇਡਣ ਬਾਰੇ ਵੀ ਬੇਯਕੀਨੀ ਹੈ।
ਬੁਮਰਾਹ ਦੀ ਥਾਂ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਦੋ ਅਕਤੂਬਰ ਤੋਂ ਵਿਸ਼ਾਖਾਪਟਨਮ ਵਿੱਚ ਸ਼ੁਰੂ ਹੋਣ ਵਾਲੀ ਟੈਸਟ ਲੜੀ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਬੀਸੀਸੀਆਈ ਨੇ ਬਿਆਨ ਵਿੱਚ ਕਿਹਾ, ‘‘ਇਸ ਸੱਟ ਬਾਰੇ ਲਗਾਤਾਰ ਰੇਡੀਓਲੋਜੀ ਸਕ੍ਰੀਨਿੰਗ ਦੌਰਾਨ ਪਤਾ ਚੱਲਿਆ ਹੈ। ਫਿੱਟ ਹੋਣ ਤੱਕ ਉਹ ਕੌਮੀ ਕ੍ਰਿਕਟ ਅਕੈਡਮੀ ਵਿੱਚ ਰਹੇਗਾ ਅਤੇ ਬੀਸੀਸੀਆਈ ਦੀ ਮੈਡੀਕਲ ਟੀਮ ਉਸ ’ਤੇ ਨਜ਼ਰ ਰੱਖੇਗੀ। ਸਰਬ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਬੁਮਰਾਹ ਦੀ ਥਾਂ ਉਮੇਸ਼ ਯਾਦਵ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।’’
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਹਾਲਾਂਕਿ ਕਿਹਾ ਕਿ ਬੁਮਰਾਹ ਬੰਗਲਾਦੇਸ਼ ਖ਼ਿਲਾਫ਼ ਟੈਸਟ ਲੜੀ ’ਚੋਂ ਵੀ ਬਾਹਰ ਰਹਿ ਸਕਦਾ ਹੈ। ਇਸ ਲੜੀ ਵਿੱਚ ਤਿੰਨ ਟੀ-20 ਕੌਮਾਂਤਰੀ ਅਤੇ ਦੋ ਟੈਸਟ ਮੈਚ ਖੇਡੇ ਜਾਣੇ ਹਨ, ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹਨ। ਬੰਗਲਾਦੇਸ਼ ਖ਼ਿਲਾਫ਼ ਭਾਰਤ ਤਿੰਨ ਤੋਂ 26 ਨਵੰਬਰ ਦੌਰਾਨ ਖੇਡੇਗਾ।
ਅਧਿਕਾਰੀ ਨੇ ਗੁਪਤਤਾ ਦੀ ਸ਼ਰਤ ’ਤੇ ਦੱਸਿਆ, ‘‘ਜਸਪ੍ਰੀਤ ਘੱਟ ਤੋਂ ਘੱਟ ਸੱਤ ਤੋਂ ਅੱਠ ਹਫ਼ਤੇ ਤੱਕ ਨਹੀਂ ਖੇਡ ਸਕੇਗਾ। ਜਿਸ ਦਾ ਮਤਲਬ ਹੈ ਕਿ ਉਹ ਬੰਗਲਾਦੇਸ਼ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੈਚਾਂ ਵਿੱਚ ਵੀ ਨਹੀਂ ਖੇਡ ਸਕੇਗਾ। ਉਹ ਨਵੰਬਰ ਤੱਕ ਬਾਹਰ ਰਹੇਗਾ।’’
ਬੁਮਰਾਹ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਟੀ-20 ਮੈਚਾਂ ਦੀ ਲੜੀ ਦੌਰਾਨ ਆਰਾਮ ਦਿੱਤਾ ਗਿਆ ਸੀ, ਜੋ 1-1 ਨਾਲ ਬਰਾਬਰ ਰਹੀ। ਇਸ ਤੋਂ ਪਹਿਲਾਂ ਆਪਣੇ ਖ਼ਾਸ ਐਕਸ਼ਨ ਅਤੇ ਖ਼ਤਰਨਾਕ ਯਾਰਕਰ ਕਾਰਨ ਆਪਣੀ ਵਿਸ਼ੇਸ਼ ਪਛਾਣ ਬਣਾਉਣ ਵਾਲਾ ਇਹ ਤੇਜ਼ ਗੇਂਦਬਾਜ਼ ਵੈਸਟ ਇੰਡੀਜ਼ ਖ਼ਿਲਾਫ਼ ਦੋ ਟੈਸਟ ਮੈਚਾਂ ਵਿੱਚ ਖੇਡਿਆ ਸੀ, ਜਿਸ ਵਿੱਚ ਉਸ ਨੇ 13 ਵਿਕਟਾਂ ਲਈਆਂ ਸਨ।
ਉਮੇਸ਼ ਯਾਦਵ
ਉਮੇਸ਼ ਯਾਦਵ ਨੇ ਆਖ਼ਰੀ ਟੈਸਟ ਮੈਚ ਦਸੰਬਰ 2018 ਵਿੱਚ ਭਾਰਤ ਵੱਲੋਂ ਆਸਟਰੇਲੀਆ ਦੌਰੇ ਦੌਰਾਨ ਖੇਡਿਆ ਸੀ। ਉਮੇਸ਼ ਨੇ ਹੁਣ ਤੱਕ ਭਾਰਤ ਵੱਲੋਂ 41 ਟੈਸਟ ਮੈਚਾਂ ਵਿੱਚ 33.47 ਦੀ ਔਸਤ ਨਾਲ 119 ਵਿਕਟਾਂ ਲਈਆਂ ਹਨ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਿਸ਼ਾਖਾਪਟਨਮ ਵਿੱਚ ਪਹਿਲੇ ਟੈਸਟ ਮਗਰੋਂ ਬਾਕੀ ਮੈਚ ਪੁਣੇ (ਦਸ ਤੋਂ 14 ਅਕਤੂਬਰ) ਅਤੇ ਰਾਂਚੀ (19 ਤੋਂ 23 ਅਕਤੂਬਰ) ਵਿੱਚ ਖੇਡੇ ਜਾਣਗੇ। ਭਾਰਤੀ ਟੈਸਟ ਟੀਮ: ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪ ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ ਅਤੇ ਸ਼ੁਭਮਨ ਗਿੱਲ।