ਸਰੀ— ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸਰੀ ਵਿਖੇ ਨਵਾਂ ਹਸਪਤਾਲ ਉਸਾਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਵਧਦੀ ਅਬਾਦੀ ਦੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇਗਾ। ਫਿਲਹਾਲ ਨਵੇਂ ਹਸਪਤਾਲ ਦੇ ਉਸਾਰੀ ਸਥਾਨ ਬਾਰੇ ਕੁਝ ਨਹੀਂ ਦੱਸਿਆ ਗਿਆ। ਹਸਪਤਾਲ ਲਈ ਸਿਹਤ ਮੰਤਰਾਲੇ ਤੇ ਫਰੇਜ਼ਰ ਹੈਲਥ ਵੱਲੋਂ ਫੰਡਾਂ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਇਮਰਾਤ ਦੀ ਉਸਾਰੀ ਮੁਕੰਮਲ ਹੋਣ ‘ਚ 6 ਤੋਂ 10 ਸਾਲ ਦਾ ਸਮਾਂ ਲੱਗਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਸੂਬੇ ਦੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਕਿ ਸਰੀ ਮੈਮੋਰੀਅਲ ਹਸਪਤਾਲ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ ਪਰ ਆਬਾਦੀ ‘ਚ ਲਗਾਤਾਰ ਵਾਧਾ ਹੋਣ ਕਾਰਨ ਲੋਕਾਂ ਦੀਆਂ ਸਿਹਤ ਸਬੰਧੀ ਜ਼ਰੂਰਤਾਂ ਨੂੰ ਹਰ ਹਾਲਤ ‘ਚ ਪੂਰਾ ਕਰਨ ਦਾ ਵਾਅਦਾ ਕੀਤਾ ਹੈ ਤੇ ਇਸੇ ਦੇ ਤਹਿਤ ਨਵੇਂ ਹਸਪਤਾਲ ਦੀ ਉਸਾਰੀ ਦਾ ਐਲਾਨ ਕੀਤਾ ਗਿਆ।