ਬ੍ਰਿਟਿਸ਼ ਕੋਲੰਬੀਆ—  ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਐਤਵਾਰ ਦੀ ਦੁਪਹਿਰ ਨੂੰ ਤੇਜ਼ ਤੂਫਾਨ ਆਇਆ, ਜਿਸ ਕਾਰਨ ਤਕਰੀਬਨ 25,000 ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣ ਨੂੰ ਮਜ਼ਬੂਰ ਹੋਣਾ ਪਿਆ। ਤੇਜ਼ ਤੂਫਾਨ ਕਾਰਨ ਦਰੱਖਤ ਟੁੱਟ ਕੇ ਡਿੱਗ ਗਏ, ਜਿਸ ਕਾਰਨ ਬਿਜਲੀ ਸਿਸਟਮ ਨੂੰ ਨੁਕਸਾਨ ਪੁੱਜਾ। ਅਧਿਕਾਰੀ ਬਿਜਲੀ ਸਪਲਾਈ ਦਰੁੱਸਤ ਕਰਨ ਦੇ ਕੰਮ ‘ਚ ਜੁੱਟੇ ਹੋਏ ਹਨ। ਕੈਨੇਡਾ ਦੇ ਵਾਤਾਵਰਣ ਵਿਭਾਗ ਨੇ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਆਈਸਲੈਂਡ ‘ਤੇ ਐਤਵਾਰ ਦੀ ਦੁਪਹਿਰ ਨੂੰ 80 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਸੀ। ਇਸ ਸ਼ਕਤੀਸ਼ਾਲੀ ਤੂਫਾਨ ਕਾਰਨ ਵੈਨਕੂਵਰ ‘ਚ ਇਕ ਫੂਡ ਮਾਰਕੀਟ ‘ਚ ਇਕ ਦਰੱਖਤ ਜੜ੍ਹੋ ਉੱਖੜ ਗਿਆ, ਜਿਸ ਕਾਰਨ ਇਕ ਵਰਕਰ ਜ਼ਖਮੀ ਹੋ ਗਿਆ। ਇਕ ਹੋਰ ਸਹਿ-ਵਰਕਰ ਜ਼ਖਮੀ ਹੋ ਗਿਆ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਉਸ ਦੀਆਂ ਬਾਂਹਾਂ ‘ਤੇ ਸੱਟਾਂ ਲੱਗੀਆਂ।
ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ‘ਚ ਵੀ ਇਕ ਦਰੱਖਤ ਜੜ੍ਹੋ ਉੱਖੜ ਗਿਆ। ਇੱਥੇ ਰਹਿੰਦੇ ਲੋਕਾਂ ਨੂੰ ਇੰਝ ਲੱਗਾ ਜਿਵੇਂ ਕੋਈ ਬੰਬ ਫੱਟ ਗਿਆ ਹੋਵੇ। ਕੁਝ ਲੋਕਾਂ ਨੂੰ ਲੱਗਾ ਜਿਵੇਂ ਭੂਚਾਲ ਆ ਗਿਆ ਹੋਵੇ। ਇੱਥੇ ਰਹਿੰਦੇ ਵਾਸੀਆਂ ਨੇ ਕਿਹਾ ਕਿ ਤੂਫਾਨ ਇੰਨਾ ਤੇਜ਼ ਸੀ ਕਿ 40 ਸਾਲ ਪੁਰਾਣਾ ਦਰੱਖਤ ਟੁੱਟ ਗਿਆ।