ਮੁੰਬਈ, 22 ਅਪਰੈਲ
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ ਦੇ ਗੀਤ ‘ਤੇਰੀ ਮਿੱਟੀ’ ਲਈ ਹਾਲ ਹੀ ਵਿੱਚ ਸਰਵੋਤਮ ਪਲੇਅਬੈਕ ਗਾਇਕ ਦਾ ਨੈਸ਼ਨਲ ਐਵਾਰਡ ਜਿੱਤਣ ਵਾਲੇ ਗਾਇਕ ਬੀ ਪਰਾਕ ਨੇ ਇਹ ਐਵਾਰਡ ਆਪਣੇ ਪ੍ਰਸ਼ੰਸਕਾਂ ਨੂੰ ਸਮਰਪਿਤ ਕੀਤਾ ਹੈ। ਉਸ ਨੇ ਇਸ ਪ੍ਰਾਪਤੀ ਨੂੰ ਆਪਣੇ ਚਹੇਤਿਆਂ ਦਾ ਆਸ਼ੀਰਵਾਦ ਕਰਾਰ ਦਿੰਦਿਆਂ ਉਨ੍ਹਾਂ ਦਾ ਸ਼ੁਕਰਾਨਾ ਕੀਤਾ ਹੈ। ਬੀ ਪਰਾਕ ਨੇ ਕਿਹਾ, ‘ਮੈਂ ਬਹੁਤ ਹੀ ਵਧੀਆ ਮਹਿਸੂਸ ਕਰ ਰਿਹਾ ਹਾਂ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇੱਕ ਦਿਨ ਨੈਸ਼ਨਲ ਐਵਾਰਡ ਮਿਲੇਗਾ। ਇਸ ਨੂੰ ਪ੍ਰਾਪਤ ਕਰ ਕੇ ਮੈਂ ਖ਼ੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ। ਇਹ ਸਭ ਪ੍ਰਮਾਤਮਾ ਦੀ ਮਿਹਰ ਸਦਕਾ ਹੋਇਆ ਹੈ।’ ਉਸ ਨੇ ਇਹ ਗਾਣਾ ਸੁਣਨ ਮਗਰੋਂ ਅਦਾਕਾਰ ਅਕਸ਼ੈ ਕੁਮਾਰ ਵੱਲੋਂ ਦਿੱਤੀ ਪ੍ਰਤੀਕਿਰਿਆ ਨੂੰ ਵੀ ਯਾਦ ਕੀਤਾ। ਉਸ ਨੇ ਕਿਹਾ ਕਿ ਉਹ ਅਕਸ਼ੈ ਕੁਮਾਰ ਦੀ ਕਹੀ ਉਹ ਗੱਲ ਕਦੇ ਨਹੀਂ ਭੁੱਲ ਸਕਦਾ, ਜਦੋਂ ਉਸ ਨੇ ਕਿਹਾ ਸੀ, ‘ਤੂੰ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਗਾਣਾ ਗਾਇਆ ਹੈ।’