ਦੁਬਈ, 7 ਸਤੰਬਰ
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਖੇਡ ਪ੍ਰੇਮੀਆਂ ਦੀ ਉਡੀਕ ਨੂੰ ਖ਼ਤਮ ਕਰਦਿਆਂ ਅਬੂ ਧਾਬੀ ਵਿੱਚ 19 ਸਤੰਬਰ ਤੋਂ ਖੇਡੇ ਜਾਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਲਈ ਮੈਚਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਆਈਪੀਐੱਲ ਦੇ ਮੈਚ ਤਿੰਨ ਥਾਵਾਂ ਦੁਬਈ, ਅਬੂ ਧਾਬੀ ਤੇ ਸ਼ਾਰਜਾਹ ਵਿੱਚ ਖੇਡੇ ਜਾਣਗੇ। ਪਹਿਲਾ ਮੈਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਚੇਨੱਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਉਦਘਾਟਨੀ ਮੈਚ ਮਗਰੋਂ ਦੁਬਈ ’ਚ ਖੇਡੇ ਜਾਣ ਵਾਲੇ ਦੂਜੇ ਮੈਚ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਨਾਲ ਮੱਥਾ ਲਾਏਗੀ। ਤੀਜਾ ਮੈਚ ਸਨਰਾਈਜ਼ਰਜ਼ ਹੈਦਰਾਬਾਦ ਤੇ ਰੌਇਲ ਚੈਲੰਜਰਜ਼ ਬੰਗਲੌਰ ਵਿੱਚ ਹੋਵੇਗਾ। 22 ਸਤੰਬਰ ਨੂੰ ਰਾਜਸਥਾਨ ਰੌਇਲਜ਼ ਤੇ ਚੇਨੱਈ ਸੁਪਰ ਕਿੰਗਜ਼ ਸ਼ਾਰਜਾਹ ’ਚ ਇਕ ਦੂਜੇ ਨਾਲ ਭਿੜਨਗੇ। ਲੀਗ ਦੌਰਾਨ ਦਸ ਦਿਨ ਅਜਿਹੇ ਹੋਣਗੇ ਜਦੋਂਕਿ ਦੋ ਦੋ ਮੈਚ ਖੇਡੇ ਜਾਣਗੇ। ਪਹਿਲਾ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ ਨੂੰ ਸਾਢੇ ਤਿੰਨ ਵਜੇ ਤੇ ਦੂਜਾ ਸਾਢੇ ਸੱਤ ਵਜੇ ਸ਼ੁਰੂ ਹੋਵੇਗਾ। ਕੁੱਲ ਮਿਲਾ ਕੇ 56 ਮੈਚ ਖੇਡੇ ਜਾਣਗੇ, ਜਿਨ੍ਹਾਂ ’ਚੋਂ 24 ਦੁਬਈ ’ਚ, 20 ਅਬੂ ਧਾਬੀ ਤੇ 12 ਸ਼ਾਰਜਾਹ ’ਚ ਖੇਡੇ ਜਾਣੇ ਹਨ। ਆਈਪੀਐੱਲ 2020 ਦੇ ਪਲੇਆਫ਼ ਤੇ ਫਾਈਨਲ ਮੈਚਾਂ ਲਈ ਵੈਨਿਊ ਦਾ ਐਲਾਨ ਮਗਰੋਂ ਕੀਤਾ ਜਾਵੇਗਾ।