ਅਟਾਰੀ: ਪਾਕਿਸਤਾਨ ਵਿੱਚ ਹੋਣ ਵਾਲੇ ਏਸ਼ੀਆ ਕ੍ਰਿਕਟ ਕੱਪ ਦੇ ਮੈਚ ਵੇਖਣ ਲਈ ਅੱਜ ਭਾਰਤ ਤੋਂ ਬੀਸੀਸੀਆਈ ਦਾ ਚਾਰ ਮੈਂਬਰੀ ਵਫ਼ਦ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਲਈ ਰਵਾਨਾ ਹੋਇਆ। ਬੀਸੀਸੀਆਈ ਵਫ਼ਦ ਦਾ ਅਟਾਰੀ ਸਰਹੱਦ ਪੁੱਜਣ ’ਤੇ ਸੀਮਾ ਸੁਰੱਖਿਆ ਬਲ ਦੀ 168ਵੀ ਬਟਾਲੀਅਨ ਦੇ ਕਮਾਂਡੈਂਟ ਪ੍ਰਦੀਪ ਕੁਮਾਰ ਅਤੇ ਡਿਪਟੀ ਕਮਿਸ਼ਨਰ ਕਸਟਮ ਵਰੁਣ ਸਿੰਗਲਾ ਵੱਲੋਂ ਸਵਾਗਤ ਕੀਤਾ ਗਿਆ। ਵਫ਼ਦ ਵਿੱਚ ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ, ਰਾਜ ਸਭਾ ਮੈਂਬਰ ਰਾਜੀਵ ਸ਼ੁਕਲਾ, ਮੁਹੰਮਦ ਅਕਰਮ ਅਤੇ ਯੁੱਧਵੀਰ ਸਿੰਘ ਸ਼ਾਮਿਲ ਸਨ। ਉਪਰੋਕਤ ਮੈਂਬਰ ਇਮੀਗ੍ਰੇਸ਼ਨ ਤੇ ਕਸਟਮ ਵਿਭਾਗ ਦੀ ਪ੍ਰਕਿਰਿਆ ਉਪਰੰਤ ਪਾਕਿਸਤਾਨ ਪੁੱਜ ਗਏ ਹਨ।