ਨਵੀਂ ਦਿੱਲੀ, ਬੀਸੀਸੀਆਈ ਨੇ ਭਾਰਤੀ ਟੀਮ ਦੇ ਪ੍ਰਸ਼ਾਸਨਿਕ ਮੈਨੇਜਰ ਸੁਨੀਲ ਸੁਬਰਾਮਣੀਅਮ ਨੂੰ ਕੈਰੇਬਿਆਈ ਧਰਤੀ ’ਤੇ ਭਾਰਤੀ ਸਫ਼ਾਰਤਖ਼ਾਨੇ ਦੇ ਸੀਨੀਅਰ ਅਧਿਕਾਰੀਆਂ ਨਾਲ ਕਥਿਤ ਦੁਰਵਿਹਾਰ ਕਾਰਨ ਅੱਜ ਵੈਸਟ ਇੰਡੀਜ਼ ਦੌਰੇ ਦੇ ਵਿਚੋਂ ਹੀ ਵਾਪਸ ਸੱਦ ਲਿਆ ਹੈ। ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੁਬਰਾਮਣੀਅਮ ਨੇ ਮੁੰਬਈ ਵਿੱਚ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਸਾਹਮਣੇ ਪੇਸ਼ ਹੋਣਾ ਹੈ ਅਤੇ ਉਸ ਨੂੰ ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਕਥਿਤ ਦੁਰਵਿਹਾਰ ਦਾ ਜਵਾਬ ਦੇਣਾ ਹੋਵੇਗਾ।
ਆਈਐੱਫਐੱਸ ਅਧਿਕਾਰੀਆਂ ਨੇ ਭਾਰਤ ਸਰਕਾਰ ਦੀ ਅਪੀਲ ’ਤੇ ‘ਪਾਣੀ ਬਚਾਓ’ ਪ੍ਰਾਜੈਕਟ ਸਬੰਧੀ ਖਿਡਾਰੀਆਂ ਨਾਲ ਇੱਕ ਵੀਡੀਓ ਸ਼ੂਟ ਕਰਨ ਲਈ ਸੁਬਰਾਮਣੀਅਮ ਨਾਲ ਸੰਪਰਕ ਕੀਤਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਮੈਨੇਜਰ ਦਾ ਇਸ ਸਬੰਧੀ ਰਵੱਈਆ ਕਾਫ਼ੀ ਰੁੱਖਾ ਸੀ। ਬੋਰਡ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਭਾਰਤੀ ਟੀਮ ਦੀ ‘ਪਾਣੀ ਬਚਾਓ’ ਪ੍ਰਾਜੈਕਟ ਲਈ ਕਾਫੀ ਲੰਮੀ ਸ਼ੂਟਿੰਗ ਸੀ ਅਤੇ ਸੁਬਰਾਮਣੀਅਮ ਨੇ ਇਸ ਦੀ ਦੇਖ-ਰੇਖ ਕਰਨੀ ਸੀ। ਇਸ ਸ਼ੂਟਿੰਗ ਦੇ ਖਤਮ ਹੋਣ ਮਗਰੋਂ ਉਸ ਨੂੰ ਇੱਕ ਈਮੇਲ ਭੇਜੀ ਗਈ, ਜਿਸ ਵਿੱਚ ਉਸ ਨੂੰ ਪਹਿਲੀ ਫਲਾਈਟ ਫੜ ਕੇ ਵਾਪਸ ਪਰਤਣ ਨੂੰ ਕਿਹਾ ਗਿਆ।’’
ਤਾਮਿਲਨਾਡੂ ਦੇ ਸਾਬਕਾ ਸਪਿੰਨਰ ਨੇ ਗੁਆਨਾ ਅਤੇ ਤ੍ਰਿਨਿਦਾਦ ਤੇ ਟੋਬੈਗੋ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਕਥਿਤ ਦੁਰਵਿਹਾਰ ਲਈ ਬਿਨਾਂ ਸ਼ਰਤ ਮੁਆਫ਼ੀ ਦੀ ਪੇਸ਼ਕਸ਼ ਕੀਤੀ ਹੈ, ਪਰ ਇਸ ਘਟਨਾ ਕਾਰਨ ਉਸ ਦਾ ਅਹੁਦਾ ਖੁੱਸਣਾ ਤੈਅ ਹੈ। ਪਤਾ ਚੱਲਿਆ ਹੈ ਕਿ ਸੁਬਰਾਮਣੀਅਮ ਨੇ ਆਪਣੇ ਕਥਿਤ ਦੁਰਵਿਹਾਰ ਲਈ ਤਣਾਅ ਨੂੰ ਜ਼ਿੰਮੇਵਾਰ ਦੱਸਿਆ।