ਮੁੰਬਈ, 9 ਜੂਨ
ਬੌਲੀਵੁੱਡ ਸਟਾਰ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ਵਰਤਣ ਵਾਲਿਆਂ ਨੂੰ ਯਾਦ ਦਿਵਾਇਆ ਕਿ ਭਾਵੇਂ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ, ਪਰ ਉਨ੍ਹਾਂ ਨੂੰ ਕੋਵਿਡ ਨਾਲ ਸਬੰਧਤ ਹਦਾਇਤਾਂ ਬਾਰੇ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ। ਅਮਿਤਾਬ ਬੱਚਨ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘ਹਾਲਾਂਕਿ ਕੁਝ ਥਾਵਾਂ ’ਤੇ ਕੋਵਿਡ ਕੇਸਾਂ ਵਿੱਚ ਕਮੀ ਵੇਖੀ ਜਾ ਸਕਦੀ ਹੈ। ਕ੍ਰਿਪਾ ਕਰਕੇ ਫੇਰ ਵੀ ਢਿੱਲ ਨਾ ਵਰਤੋ।….ਹਦਾਇਤਾਂ ਦੀ ਪਾਲਣਾ ਕਰੋ.. ਹੱਥ ਧੋਵੋ, ਮਾਸਕ ਪਾਓ, ਸਮਾਜਿਕ ਦੂਰੀ ਬਣਾ ਕੇ ਰੱਖੋ, ਜ਼ਰੂਰੀ ਹੋਣ ’ਤੇ ਹੀ ਸਫ਼ਰ ਕਰੋ, ਸਮੇਂ ਦੀ ਪਾਲਣਾ ਕਰੋ ਤੇ ਟੀਕਾਕਰਨ ਕਰਵਾਓ।’
ਇੱਕ ਦਿਨ ਪਹਿਲਾਂ ਹੀ ਬਿੱਗ ਬੀ ਨੇ ਇਸ ਵਿਸ਼ੇ ਬਾਰੇ ਬਲਾਗ ਵੀ ਲਿਖਿਆ ਸੀ ਕਿ ‘ਸੁਰੱਖਿਅਤ ਰਹੋ .. ਢਿੱਲ ਦਾ ਮਤਲਬ ਇਹ ਮਹਿਸੂਸ ਨਾ ਕਰੋ ਕਿ ਸਭ ਕੁਝ ਠੀਕ ਹੈ … ਨਹੀਂ…। … ਸਾਨੂੰ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਨੂੰ ਜਾਰੀ ਰੱਖਣਾ ਚਾਹੀਦਾ ਹੈ … ਹੱਥ ਧੋਵੋ, ਮਾਸਕ ਪਹਿਨਣ ਦੇ ਨਾਲ-ਨਾਲ ਦੂਰੀ ਬਣਾ ਕੇ ਰੱਖੋ।’ ਉਨ੍ਹਾਂ ਸੋਮਵਾਰ ਨੂੰ ਇੱਕ ਬਲਾਗ ਪੋਸਟ ਵਿੱਚ ਜ਼ਿਕਰ ਕੀਤਾ ਕਿ ਜੇ ਕੰਮ ਦੀ ਇਜਾਜ਼ਤ ਹੈ ਤਾਂ ਟੀਕਾਕਰਨ ਕਰਵਾਓ, ਪਰ ਸਾਵਧਾਨੀ ਵਰਤੋ ਤੇ ਡਾਕਟਰਾਂ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ। ਉਨ੍ਹਾਂ ਕਿਹਾ, ‘ਫਰੰਟਲਾਈਨ ਯੋਧੇ ਦ੍ਰਿੜ ਅਤੇ ਮਜ਼ਬੂਤ ਖੜ੍ਹੇ ਹਨ। ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।’ ਉਨ੍ਹਾਂ ਨੇ ਕਰੋਨਾ ਪੀੜਤਾਂ ਲਈ ਪ੍ਰਾਰਥਨਾ ਵੀ ਕੀਤੀ।