ਪਟਨਾ, 16 ਸਤੰਬਰ

ਬਿਹਾਰ ਦੇ ਦੋ ਬੱਚਿਆਂ ਦੇ ਬੈਂਕ ਖਾਤਿਆਂ ਵਿੱਚ ਕਰੋੜਾਂ ਰੁਪਏ ਜਮ੍ਹਾਂ ਹੋਣ ਤੋਂ ਲੋਕ ਹੈਰਾਨ ਹਨ। ਇਹ ਘਟਨਾ ਕਟਿਹਾਰ ਜ਼ਿਲ੍ਹੇ ਦੀ ਹੈ, ਜਿੱਥੇ 6ਵੀਂ ਦੇ ਦੋ ਵਿਦਿਆਰਥੀਆਂ ਆਸ਼ੀਸ਼ ਕੁਮਾਰ ਅਤੇ ਗੁਰੂਚਰਨ ਵਿਸ਼ਵਾਸ ਦੇ ਬੈਂਕ ਖਾਤਿਆਂ ਵਿੱਚ 15 ਸਤੰਬਰ ਨੂੰ ਕ੍ਰਮਵਾਰ 6,20,11,100 ਰੁਪਏ ਅਤੇ 90,52,21,223 ਰੁਪਏ ਪਏ। ਦੋਵੇਂ ਬੱਚੇ ਬਗਾਹੁਰਾ ਪੰਚਾਇਤ ਦੇ ਪਾਸਤੀਆ ਪਿੰਡ ਦੇ ਮੂਲ ਨਿਵਾਸੀ ਹਨ। ਉਨ੍ਹਾਂ ਦੇ ਉੱਤਰ ਬਿਹਾਰ ਗ੍ਰਾਮੀਣ ਬੈਂਕ ਵਿੱਚ ਬੈਂਕ ਖਾਤੇ ਹਨ। ਕਟਿਹਾਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਉਦਯਨ ਮਿਸ਼ਰਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬੱਚਿਆਂ ਨੂੰ ਮੋਟੀ ਰਕਮ ਮਿਲੀ ਹੈ। ਉਨ੍ਹਾਂ ਕਿਹਾ ਕਿ ਦੋ ਬੱਚਿਆਂ ਦੇ ਖਾਤਿਆਂ ਵਿੱਚ ਵੱਡੀ ਰਕਮ ਜਮ੍ਹਾਂ ਹੋਈ ਸੀ। ਇਹ ਰਕਮ ਮਿੰਨੀ ਸਟੇਟਮੈਂਟਸ ਵਿੱਚ ਵੇਖੀ ਜਾ ਸਕਦੀ ਹੈ। ਸ੍ਰੀ ਮਿਸ਼ਰਾ ਨੇ ਕਿਹਾ ਕਿ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਬੈਂਕ ਦੇ ਅਧਿਕਾਰੀ ਐੱਮਕੇ ਮਧੁਕਰ ਨੇ ਕਿਹਾ ਕਿ ਜਿਵੇਂ ਹੀ ਬੱਚਿਆਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾਂ ਹੋਣ ਬਾਰੇ ਪਤਾ ਲੱਗਿਆ ਅਸੀਂ ਖਾਤਿਆਂ ਨੂੰ ਜਾਮ ਕਰ ਦਿੱਤਾ ਤੇ ਪੈਸੇ ਕੱਢਵਾਉਣ ’ਤੇ ਰੋਕ ਲਗਾ ਦਿੱਤੀ। ਬੱਚਿਆਂ ਦੇ ਮਾਪਿਆਂ ਵੀ ਨਹੀਂ ਪਤਾ ਕਿ ਕਰੋੜਾ ਰੁਪਏ ਖਾਤਿਆਂ ਵਿੱਚ ਕਿਵੇਂ ਆਏ। ਇਸ ਤੋਂ ਪਹਿਲਾਂ ਇਸੇ ਬੈਂਕ ਦੀ ਕਿਸੇ ਹੋਰ ਬ੍ਰਾਂਚ ਵਿੱਚ ਕਿਸੇ ਦੇ ਖਾਤੇ ਵਿੱਚ 5.5 ਲੱਖ ਰੁਪੲੇ ਪੈ ਗਏ ਸਨ ਤੇ ਉਸ ਵਿਅਕਤੀ ਨੇ ਇਹ ਕਹਿ ਕੇ ਪੈਸੇ ਮੋੜਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਖਾਤੇ ਵਿੱਚ ਪੈਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਲੱਖ ਰੁਪਏ ਦੇਣ ਦੇ ਵਾਅਦੇ ਤਹਿਤ ਪਾਏ ਹਨ।