ਅਰਰੀਆ/ਪਟਨਾ: ਬਿਹਾਰ ਦੇ ਅਰਰੀਆ ਜ਼ਿਲ੍ਹੇ ਵਿੱਚ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਨੇ ਇੱਕ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਵਿਮਲ ਕੁਮਾਰ ਯਾਦਵ (35) ਦਾ ਪਿੰਡ ਪ੍ਰੇਮਨਗਰ ’ਚ ਉਸ ਦੇ ਘਰ ਵਿਚ ਕਤਲ ਕਰ ਦਿੱਤਾ ਗਿਆ। ਉਹ ਹਿੰਦੀ ਅਖਬਾਰ ਲਈ ਕੰਮ ਕਰਦਾ ਸੀ। ਬਿਹਾਰ ਪੁਲੀਸ ਨੇ ਐਕਸ ’ਤੇ ਦੱਸਿਆ, ‘‘ਹਮਲਾਵਰਾਂ ਨੇ ਸਵੇਰੇ ਕਰੀਬ 5:30 ਵਜੇ ਯਾਦਵ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਜਿਉਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ, ਉਨ੍ਹਾਂ ਗੋਲੀਬਾਰੀ ਸ਼ੁਰੂ ਕਰ ਦਿੱਤੀ।’’ ਯਾਦਵ ਦੀ ਥਾਂ ’ਤੇ ਹੀ ਮੌਤ ਹੋ ਗਈ। ਸੂੁਚਨਾ ਮਿਲਣ ’ਤੇ ਜ਼ਿਲ੍ਹਾ ਪੁਲੀਸ ਮੁਖੀ ਅਤੇ ਰਾਣੀਗੰਜ ਥਾਣੇ ਦੇ ਐੱਸਐੱਚਓ ਘਟਨਾ ਸਥਾਨ ’ਤੇ ਪਹੁੰਚੇ। ਐੱਸਪੀ ਅਸ਼ੋਕ ਕੁਮਾਰ ਸਿੰਘ ਨੇ ਦੱਸਿਆ, ‘‘ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਾਂਚ ਜਾਰੀ ਹੈ। ਫੋਰੈਂਸਿਕ ਮਾਹਿਰਾਂ ਅਤੇ ਸੂਹੀਆ ਕੁੱਤਿਆਂ ਨੂੰ ਸੱਦਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਵਿਮਲ ਦਾ ਗੁਆਂਢੀ ਨਾਲ ਪੁਰਾਣਾ ਝਗੜਾ ਸੀ। ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।’’ ਪੱਤਰਕਾਰਾਂ ਨੇ ਜਦੋਂ ਘਟਨਾ ਬਾਰੇ ਪਟਨਾ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ, ‘‘ਮੈਨੂੰ ਸੱਚਮੁਚ ਬਹੁਤ ਦੁੱਖ ਹੋਇਆ ਹੈ ਅਤੇ ਮੈਂ ਤੁਰੰਤ ਸਬੰਧਿਤ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ ਲਈ ਕਿਹਾ ਹੈ।’’ ਹਾਲਾਂਕਿ ਵਿਰੋਧੀ ਧਿਰ ਨੇ ਕਿਹਾ ਕਿ ‘ਬਿਹਾਰ ਵਿੱਚ ਲੋਕਤੰਤਰ ਖਤਰੇ ’ਚ ਹੈ।’