ਪਟਨਾ, 23 ਜੂਨ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੱਖਰੇਵਿਆਂ ਨੂੰ ਲਾਂਭੇ ਰੱਖਣ ਅਤੇ ਇਕੱਠੇ ਹੋੋ ਕੇ 2024 ਦੀਆਂ ਲੋਕ ਸਭਾ ਚੋਣਾਂ ਲੜਨ। ਖੜਗੇ ਨੇ ਜ਼ੋਰ ਦੇ ਕੇ ਆਖਿਆ ਕਿ ‘‘ਜੇਕਰ ਅਸੀਂ ਬਿਹਾਰ ਵਿੱਚ ਜਿੱਤ ਗੲੇ, ਅਸੀਂ ਦੇਸ਼ ਵਿੱਚ ਵੀ ਜਿੱਤ ਜਾਵਾਂਗੇ।’’ ਖੜਗੇ ਇਥੇ ਕਾਂਗਰਸ ਦਫ਼ਤਰ ਵਿੱਚ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਇਕਜੁੱਟ ਹੋ ਕੇ 2024 ਦੀਆਂ ਲੋਕ ਸਭਾ ਚੋਣਾਂ ਲੜਨਗੀਆਂ। ਖੜਗੇ ਨੇ ਭਾਰਤ ਜੋੜੋ ਯਾਤਰਾ ਲਈ ਰਾਹੁਲ ਗਾਂਧੀ ਦੀ ਸ਼ਲਾਘਾ ਕੀਤੀ।
ਖੜਗੇ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਾਰੀਆਂ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਲਈ ਜ਼ਰੂਰੀ ਪਹਿਲਾ ਕਦਮ ਚੁੱਕਿਆ ਹੈ ਤੇ ਇਹ ਫੈਸਲਾ ਹੋਇਆ ਸੀ ਕਿ ਉਹ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਗੱਲ ਕਰਨਗੇ ਤੇ ਉਸੇ ਇਰਾਦੇ ਨਾਲ ਅੱਜ ਸਾਰੀਆਂ ਪਾਰਟੀਆਂ ਪਟਨਾ ਵਿੱਚ ਹਨ। ਕਾਂਗਰਸ ਪ੍ਰਧਾਨ ਨੇ ਜ਼ੋਰ ਦੇ ਕੇ ਆਖਿਆ, ‘‘ਬਿਹਾਰ ਕਦੇ ਵੀ ਸਾਡੀ ਵਿਚਾਰਧਾਰਾ ਤੋਂ ਅੱਡ ਨਹੀਂ ਹੋ ਸਕਦਾ। ਜੇਕਰ ਅਸੀਂ ਬਿਹਾਰ ਜਿੱਤ ਗਏ ਤਾਂ ਅਸੀਂ ਪੂਰੇ ਦੇਸ਼ ਵਿੱਚ ਜਿੱਤ ਜਾਵਾਂਗੇ।’’ ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ, ‘‘ਲਿਹਾਜ਼ਾ ਮੈਂ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕਰਦਾ ਹਾਂ। ਜੇਕਰ ਤੁਹਾਡੇ ਕੋਈ ਨਿੱਕੇ ਮੋਟੇ ਵੱਖਰੇਵੇਂ ਹਨ, ਤਾਂ ਦੇਸ਼ ਖਾਤਰ ਇਨ੍ਹਾਂ ਨੂੰ ਲਾਂਭੇ ਰੱਖ ਕੇ ਸੰਵਿਧਾਨ ਤੇ ਜਮਹੂਰੀਅਤ ਨੂੰ ਬਚਾਇਆ ਜਾਵੇ। ਇਹ ਤੁਹਾਡਾ ਕੰਮ ਹੈ ਤੇ ਤੁਹਾਨੂੰ ਆਪਣੇ ਹੀ ਹੱਕਾਂ ਦੀ ਰਾਖੀ ਲਈ ਲੜਨਾ ਹੋਵੇਗਾ…ਸਾਰਿਆਂ ਨੂੰ ਇਕੱਠੇ ਹੋਣਾ ਹੋਵੇਗਾ।’’ ਖੜਗੇ ਨੇ ਕਿਹਾ ਕਿ ਪਾਰਟੀ ਦੇ ਸਦਾਕਤ ਆਸ਼ਰਮ ਵਿਚਲੇ ਇਸ ਦਫ਼ਤਰ ਦੀ ਦੇਸ਼ ਦੇ ਇਤਿਹਾਸ ਵਿੱਚ ਵੱਡੀ ਅਹਿਮੀਅਤ ਹੈ ਤੇ ਕਈ ਆਗੂ ਇਸੇ ਦਫ਼ਤਰ ’ਚੋਂ ਉਭਰੇ ਤੇ ਦੇਸ਼ ਦੀ ਆਜ਼ਾਦੀ ਲਈ ਲੜੇ।’’ ਉਨ੍ਹਾਂ ਕਿਹਾ, ‘‘ਸਾਨੂੰ ਖ਼ੁਸ਼ੀ ਤੇ ਮਾਣ ਹੈ ਕਿ ਬਾਬੂ ਰਾਜੇਂਦਰ ਪ੍ਰਸਾਦ ਜੀ ਇਸ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ…ਅੱਜ ਅਸੀਂ ਇਸ ਪਵਿੱਤਰ ਥਾਂ ’ਤੇ ਆਏ ਹਾਂ।
ਮੌਕੇ ਸ੍ਰੀ ਖੜਗੇ ਨੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ਦੌਰਾਨ ਫੌਤ ਹੋਏ ਬਿਹਾਰ ਨਾਲ ਸਬੰਧਤ ਵਿਅਕਤੀ ਦੇ ਵਾਰਿਸਾਂ ਨੂੰ ਘਰ ਦੀਆਂ ਚਾਬੀਆਂ ਵੀ ਸੌਂਪੀਆਂ।