ਪਟਨਾ, 11 ਜਨਵਰੀ
ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੇ ਬੀਤੀ ਰਾਤ ਬਿਹਾਰ ਦੇ ਬਕਸਰ ਜ਼ਿਲ੍ਹੇ ਵਿੱਚ ਇੱਕ ਥਰਮਲ ਪਾਵਰ ਕੰਪਨੀ ਖ਼ਿਲਾਫ਼ ਪਿਛਲੇ 85 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਘਰ ਵੜ ਕੇ ਕਥਿਤ ਕੁੱਟਮਾਰ ਕੀਤੀ। ਪੁਲੀਸ ਦੀ ਇਸ ਕਾਰਵਾਈ ਦੌਰਾਨ ਕਿਸਾਨ ਆਪੋ-ਆਪਣੇ ਘਰਾਂ ਵਿੱਚ ਸੁੱਤੇ ਹੋਏ ਸਨ। ਘਰਾਂ ’ਚ ਢਾਹੇ ਗਏ ਤਸ਼ੱਦਦ ਮਗਰੋਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਅੱਜ ਪੁਲੀਸ ਦੀਆਂ ਗੱਡੀਆਂ ਨੂੰ ਅੱਗ ਲਾ ਦਿੱਤੀ। ਇਹ ਘਟਨਾ ਜ਼ਿਲ੍ਹੇ ਦੇ ਚੌਸਾ ਸਬ-ਡਿਵੀਜ਼ਨ ਦੇ ਪਿੰਡ ਬਨਾਰਪੁਰ ਦੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਿਸਾਨਾਂ ਨੇ ਕੰਪਨੀ ਦਫ਼ਤਰ ਦੇ ਗੇਟ ਨੂੰ ਤਾਲਾ ਲਗਾ ਕੇ ਥਰਮਲ ਪਾਵਰ ਪ੍ਰਾਜੈਕਟ ਲਈ ਐਕੁਆਇਰ ਕੀਤੀ ਜ਼ਮੀਨ ਦਾ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ। ਪੁਲੀਸ ਦੀਆਂ ਗੱਡੀਆਂ ਅਤੇ ਹੋਰ ਥਾਈਂ ਅੱਗ ਲਾਉਣ ਦੇ ਦੋਸ਼ ਹੇਠ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।