ਬਰੈਂਪਟਨ, 15 ਅਕਤੂਬਰ – ਇਥੇ ਸ਼ੁੱਕਰਵਾਰ ਐਨਡੀਪੀ ਦੇ ਆਗੂ ਜਗਮੀਤ ਸਿੰਘ ਵਲੋਂ ਬਰੈਂਪਟਨ ਵਿਖੇ ਸਾਊਥ ਏਸ਼ੀਅਨ ਮੀਡੀਆ ਦੇ ਨਾਲ ਰਾਊਂਡ ਟੇਬਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ 50 ਦੇ ਕਰੀਬ ਵੱਖ-ਵੱਖ ਮੀਡੀਆ ਸੰਚਾਲਕਾਂ ਨੇ ਹਿੱਸਾ ਲਿਆ। ਜਗਮੀਤ ਸਿੰਘ ਨੇ ਬਰੈਂਪਟਨ ਦੇ ਪੰਜੇ ਉਮੀਦਵਾਰਾਂ ਦੀ ਜਾਂਚ ਪਹਿਚਾਣ ‘ਘੈਂਟ’ ਉਮੀਦਵਾਰ ਕਹਿ ਕੇ ਕਰਵਾਈ ਤੇ ਕਿਹਾ ਕਿ ਇਨਾਂ ਵਿਚੋਂ ਕੋਈ ਵਕੀਲ ਹੈ, ਕੋਈ ਸਿਹਤ ਸੇਵਾਵਾਂ ਦੇ ਰਿਹਾ ਹੈ, ਕੋਈ ਵਪਾਰ ਨਾਲ ਸਬੰਧਤ ਹੈ ਤੇ ਕੋਈ ਕਮਿਉਨਿਟੀ ’ਚ ਹਰਕਤਕਰਤਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ’ਚੋਂ ਆਈ ਇਹ ਟੀਮ ਬਰਂੈਪਟਨ ਪਈ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਸਮਰੱਥਾ ਰੱਖਦੀ ਹੈ। ਸਾਊਥ ਏਸ਼ੀਅਨ ਮੀਡੀਆ ਦੇ ਸੰਚਾਲਕਾਂ ਵਲੋਂ ਪਹਿਲਾ ਹੀ ਸਵਾਲ ਜੋ ਬਿਲ 21 ’ਤੇ ਸੀ, ਦੇ ਜਵਾਬ ਵਿਚ ਜਗਮੀਤ ਸਿੰਘ ਨੇ ਕਿਹਾ ਕਿ ਬਿਲ 21 ਇਸ ਸਮੇਂ ਅਦਾਲਤ ਵਿਚ ਹੈ। ਮੈਂ ਬਹੁਤੀ ਟਿੱਪਣੀ ਨਹੀਂ ਕਰਾਂਗਾ, ਪਰ ਮੈਂ ਇੰਨਾ ਜਰੂਰ ਕਹਿਣਾ ਚਾਹਾਂਗਾ ਕਿ ਬਿਲ ਨਾਲੋਂ ਵੱਧ ਮੈਂ ਲੋਕਾਂ ਦੇ ਦਿਲ ਬਦਲ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਕਿਊਬੈਕ ’ਚ ਗਿਆ, ਉਥੋਂ ਦੇ ਲੋਕਾਂ ਨੂੰ ਸਮਝਾਇਆ ਕਿ ਇਕ ਪੱਗ ਵਾਲਾ, ਦਾੜ੍ਹੀ ਵਾਲਾ ਤੇ ਧਾਰਮਿਕ ਚਿੰਨ੍ਹ ਪਹਿਨਣ ਵਾਲਾ ਵਿਅਕਤੀ ਵੀ ਤੁਹਾਡੇ ਵਰਗਾ ਹੀ ਹੈ ਤੇ ਜਿਹੜੀਆਂ ਮੁਸ਼ਕਿਲਾਤਾਂ ਨਾਲ ਤੁਸੀਂ ਜੂਝ ਰਹੇ ਹੋ, ਉਨ੍ਹਾਂ ਵਿਚੋਂ ਹੀ ਮੈਂ ਗੁਜਰਿਆਂ ਹਾਂ, ਜੋ ਕਿਊਬੈਕ ਦੇ ਲੋਕਾਂ ਮੁੱਦੇ ਹਨ, ਉਹੀ ਮੇਰੇ ਮੁੱਦੇ ਹਨ। ਮੈਂ ਕਿਊਬੈਕ ਦੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਜਿਨ੍ਹਾਂ ਮੁੱਦਿਆਂ ’ਤੇ ਤੁਸੀਂ ਲੜਦੇ ਹੋ, ਉਨ੍ਹਾਂ ਮੁੱਦਿਆਂ ’ਤੇ ਹੀ ਮੈਂ ਲੜ ਰਿਹਾ ਹਾਂ ਤੇ ਲੋਕ ਮੇਰੀ ਗੱਲ ਨੂੰ ਸਮਝ ਰਹੇ ਹਨ। ਬਿਲ ਨਾਲੋਂ ਵੱਧ ਮੈਂ ਲੋਕਾਂ ਦੇ ਦਿਲ ਜਿੱਤਣ ’ਚ ਕਾਮਯਾਬ ਹੋ ਰਿਹਾ ਹਾਂ। ਇਹੀ ਮੇਰਾ ਮਕਸਦ ਹੈ। ਇਸੇ ਤਰ੍ਹਾਂ ਹੀ ਉਨ੍ਹਾਂ ਫਰਮਾਕੇਅਰ, ਜਿਸ ’ਚ ਮੁਫ਼ਤ ਦਵਾਈਆਂ ਮੁਹੱਈਆ ਕਰਵਾਉਣ ਦੀ ਯੋਜਨਾ ਹੈ, ਬਾਰੇ ਵਿਸਥਾਰ ਨਾਲ ਦੱਸਿਆ।
‘ਪੰਜਾਬੀ ਪੋਸਟ` ਵਲੋਂ ਟੈਕਸੀ ਇੰਡਸਟਰੀ ਨੂੰ ਬਚਾਉਣ ਲਈ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਜਿਵੇਂ ਡੇਅਰੀ ਇੰਡਸਟਰੀ ਨੂੰ ਬਚਾ ਰਹੇ ਹਾਂ, ਉਥੇ ਤਰ੍ਹਾਂ ਸਪਲਾਈ ਮੈਨੇਜਮੈਂਟ ਦੇ ਤਹਿਤ ਟੈਕਸੀ ਇੰਡਸਟਰੀ ਨੂੰ ਵੀ ਬਚਾ ਸਕੀਏ। ਪਰ ਮੈਂ ਇਸ ਗੱਲ ਦੀ ਵਕਾਲਤ ਜਰੂਰ ਕਰਦਾ ਆ ਰਿਹਾ ਹਾਂ ਕਿ ਇਹ ਜਿਹੜੀਆਂ ਵੈਬਬੇਸਡ ਕੰਪਨੀਆਂ ਹਨ, ਉਨ੍ਹਾਂ ’ਤੇ ਟੈਕਸ ਜਰੂਰ ਲਾਵਾਂਗਾ, ਤਾਂ ਜੋ ਉਨ੍ਹਾਂ ਤੇ ਟੈਕਸੀ ਪਲੇਟ ਓਨਰਾਂ ਲਈ ਇਕੋ ਜਿਹਾ ਟੈਕਸ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਗੂਗਲ ’ਤੇ ਐਡ ਕੀਤੀ ਜਾਂਦੀ ਹੈ ਤਾਂ ਟੈਕਸ ਨਹੀਂ ਦੇਣਾ ਪੈਂਦਾ। ਇਹ ਵੱਡੀਆਂ ਕੰਪਨੀਆਂ ਸਾਡੇ ਰੈਵਿਨਿਊ ਦਾ ਵੱਡਾ ਹਿੱਸਾ ਖਾ ਰਹੀਆਂ ਹਨ। ਇਸ ਤੋਂ ਇਲਾਵਾ ਵਾਤਾਵਰਨ ਦੇ ਮੁੱਦੇ ’ਤੇ, ਇਮੀਗ੍ਰੇਸ਼ਨ ’ਤੇ, ਅੰਤਰਰਾਸ਼ਟਰੀ ਵਿਦਿਆਰਥੀ ਅਤੇ ਹੋਰ ਮੁੱਦਿਆਂ ’ਤੇ ਉਨ੍ਹਾਂ ਖੁਲ੍ਹ ਕੇ ਚਰਚਾ ਕੀਤੀ। ਉਸ ਸਮੇਂ ਮਹੌਲ ਗੰਭੀਰ ਸਥਿਤੀ ਧਾਰਨ ਕਰ ਗਿਆ, ਜਦੋਂ ਪ੍ਰਾਈਮ ਏਸ਼ੀਆ ਤੋਂ ਸੰਜੀਵ ਧਵਨ ਨੇ ਸਵਾਲ ਕੀਤਾ ਕਿ ਤੁਸੀਂ ਬਰਂੈਪਟਨ ’ਚ ਦੂਜੇ ਹਸਪਤਾਲ ਦੀ ਗੱਲ ਕਰ ਰਹੇ ਹੋ ਤੇ ਜੇ ਦੋ ਸਾਲਾਂ ’ਚ ਹਸਪਤਾਲ ਨਹੀਂ ਬਣਦਾ ਤਾਂ ਮੈਂ ਮਰਨ ਵਰਤ ’ਤੇ ਜਾਵਾਂਗਾ ਤੇ ਕੀ ਤੁਸੀਂ ਆਪਣੀ ਸਿਆਸੀ ਅਹੁਦੇ ਤੋਂ ਅਸਤੀਫ਼ਾ ਦੇਵੋਗੇ। ਇਸ ਗੱਲ ’ਤੇ ਜਗਮੀਤ ਸਿੰਘ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਅਸਤੀਫ਼ਾ ਨਹੀਂ ਦੇਵਾਂਗਾ।
ਇਹ ਮਸਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ, ਜਦੋਂ ਨਗਾਰਾ ਰੇਡੀਓ ਦੇ ਰਾਣਾ ਸਿੱਧੂ ਨੇ ਇਹ ਕਹਿ ਦਿੱਤਾ ਕਿ ਇਕ ਗੱਲ ਪੱਕੀ ਹੈ ਕਿ ਸੂਬੇ ਦੀ ਸਰਕਾਰ ਬਿਨਾਂ ਹਸਪਤਾਲ ਨਹੀਂ ਬਣੇਗਾ ਤੇ ਫਰਜ਼ ਕਰੋ ਜੇ ਤੁਸੀਂ ਪੈਸਾ ਦੇ ਦਿੱਤਾ ਤਾਂ ਫੋਰਡ ਸਰਕਾਰ ਨੇ ਹਸਪਤਾਲ ਨਾ ਬਣਾਇਆ ਤੇ ਸਾਡਾ ਪੱਤਰਕਾਰ ਭੁੱਖ ਹੜਤਾਲ ਕਾਰਨ ਚੜ੍ਹਾਈ ਕਰ ਗਿਆ ਤਾਂ ਫੇਰ ਇਸ ਦੀ ਮੌਤ ਦਾ ਕੌਣ ਜ਼ਿੰਮੇਵਾਰ ਹੋਵੇਗਾ? ਇਸ ਸਵਾਲ ਨੂੰ ਜਿਥੇ ਬਾਕੀ ਸਾਰਿਆਂ ਨੇ ਮਜ਼ਾਕ ’ਚ ਲਿਆ, ਉਥੇ ਜਗਮੀਤ ਸਿੰਘ ਨੇ ਹਸਦਿਆਂ ਕਹਿ ਦਿੱਤਾ ਕਿ ਡੱਗ ਫੋਰਡ ਹੀ ਜ਼ਿੰਮੇਵਾਰ ਹੋਵੇਗਾ। ਸੰਜੀਵ ਧਵਨ ਨੇ ਇਸ ਗੱਲ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਤੇ ਜਿਸ ਨੇ ਆਉਣ ਵਾਲੀ 17 ਤਰੀਕ ਨੂੰ ਬਰੈਪਟਨ ਸਿਵਿਕ ਹੌਸਪੀਟਲ ਤੋਂ ਕੁਵੀਨਜ਼ ਪਾਰਕ ਦੀ ਪੈਦਲ ਯਾਤਰਾ ਦਾ ਵੀ ਐਲਾਨ ਕਰ ਦਿੱਤਾ ਹੈ। ਇਸੇ ਹੀ ਦਿਨ ਜਗਮੀਤ ਸਿੰਘ ਵਲੋਂ ਬਰੈਪਟਨ ’ਚ ਇਕ ਵੱਡੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਨੂੰ ਮੁਮੈਂਟਮ ਰੈਲੀ ਦਾ ਨਾਮ ਦਿੱਤਾ ਜਾ ਰਿਹਾ ਹੈ।