ਨਵੀਂ ਦਿੱਲੀ, 30 ਮਾਰਚ

ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਮੌਜੂਦਾ ਹਾਲਾਤ ਨੇ ਕੌਮਾਂਤਰੀ ਵਿਵਸਥਾ ਦੀ ਸਥਿਰਤਾ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਬਿਮਸਟੈਕ ਦੇਸ਼ਾਂ ਵਿਚਾਲੇ ਸਹਿਯੋਗ ਦਾ ਹੋਕਾ ਦਿੰਦਿਆਂ ਕਿਹਾ ਕਿ ਖੇਤਰੀ ਸੁਰੱਖਿਆ ਨੂੰ ਪਹਿਲ ਦੇਣਾ ਜ਼ਰੂਰੀ ਹੋ ਗਿਆ ਹੈ। ਬਿਮਸਟੈਕ (ਬਹੁਖੇਤਰੀ ਤਕਨੀਕੀ ਤੇ ਆਰਥਿਕ ਸਹਿਯੋਗ ਲਈ ਬੰਗਾਲ ਦੀ ਖਾੜੀ ਦੀ ਪਹਿਲ) ਦੇ ਆਨਲਾਈਨ ਹੋਏ ਪੰਜਵੇਂ ਸਿਖਰ ਸੰਮੇਲਨ ਦੌਰਾਨ ਆਪਣੇ ਉਦਘਾਟਨੀ ਭਾਸ਼ਣ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਖਿੱਤੇ ਵਿੱਚ ਸਿਹਤ ਤੇ ਸੁਰੱਖਿਆ ਦੀਆਂ ਚੁਣੌਤੀਆਂ ਵਿਚਾਲੇ ਇੱਕਜੁੱਟਤਾ ਅਤੇ ਸਹਿਯੋਗ ਅੱਜ ਦੇ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਅੱਜ ਸਮਾਂ ਹੈ ਕਿ ਬੰਗਾਲ ਦੀ ਖਾੜੀ ਨੂੰ ਸੰਪਰਕ, ਖੁਸ਼ਹਾਲੀ ਅਤੇ ਸੁਰੱਖਿਆ ਦਾ ਪੁਲ ਬਣਾਇਆ ਜਾਵੇ।’’ ਉਨ੍ਹਾਂ ਕਿਹਾ ਕਿ ਭਾਰਤ, ਬਿਮਸਟੈਕ ਸਕੱਤਰੇਤ ਦਾ ਅਪਰੇਸ਼ਨਲ ਬਜਟ ਵਧਾਉਣ ਲਈ ਸਹਿਯੋਗ ਵਜੋਂ 10 ਲੱਖ ਅਮਰੀਕੀ ਡਾਲਰ ਦੇਵੇਗਾ।