ਨਾ ਕਰਨ ਦੀ ਸੂਰਤ ‘ਚ ਸੂਬਾ ਪੱਧਰੀ ਅੰਦੋਲਨ ਦੀ ਚੇਤਾਵਨੀ ਦਿੰਦਿਆਂ ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਨੂੰ ਲਿਖੀ ਚਿੱਠੀ

ਚੰਡੀਗੜ੍ਹ, 14 ਜੂਨ 2019

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਹੋਰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਹ ਬਿਜਲੀ ਦੀਆਂ ਦਰਾਂ ‘ਚ ਪਿਛਲੇ ਦਿਨਾਂ ਦੇ ਦੌਰਾਨ ਕੀਤਾ ਇੱਕ ਹੋਰ ਵਾਧਾ ਤੁਰੰਤ ਵਾਪਸ ਲੈਣ। ਇਸ ਦੇ ਨਾਲ ਹੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ 3 ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਬਿਜਲੀ ਖ਼ਰੀਦ ਸਮਝੌਤੇ ਤੁਰੰਤ ਰੱਦ ਕਰਨ ਦੀ ਮੰਗ ਵੀ ਜ਼ੋਰਦਾਰ ਸ਼ਬਦਾਂ ਨਾਲ ਰੱਖੀ, ਕਿਉਂਕਿ ਇਨ੍ਹਾਂ ਸਮਝੌਤਿਆਂ ਦੀਆਂ ਸ਼ਰਤਾਂ ਐਨੀਆਂ ਨਜਾਇਜ਼ ਮਹਿੰਗੀਆਂ, ਖਪਤਕਾਰ ਵਿਰੋਧੀ ਅਤੇ ਪੰਜਾਬ ਵਿਰੋਧੀ ਹਨ ਕਿ ਜੇਕਰ ਸਰਕਾਰ ਇਨ੍ਹਾਂ ਤੋਂ ਇੱਕ ਵੀ ਯੂਨਿਟ ਨਹੀਂ ਖ਼ਰੀਦ ਕਰਦੀ ਤਾਂ ਵੀ ਸਾਲਾਨਾ 2800 ਕਰੋੜ ਰੁਪਏ ਸਰਕਾਰੀ ਖ਼ਜ਼ਾਨੇ ‘ਚ ਇਨ੍ਹਾਂ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਦੇਣਾ ਪਵੇਗਾ, ਜੋ 25 ਸਾਲਾਂ ਲੰਬੇ ਸਮਝੌਤੇ ਨਾਲ ਕਰੀਬ 70 ਹਜ਼ਾਰ ਕਰੋੜ ਰੁਪਏ ਬਣਦਾ ਹੈ।

ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਪੱਤਰ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਦੀ ਨੱਕ ਥੱਲੇ ਪਣਪੇ ਇਸ ਉੱਚ-ਪੱਧਰੀ ਮਿਲੀਭੁਗਤ ਵਾਲੇ ਮਾਫ਼ੀਆ ਨੂੰ ਤੁਰੰਤ ਖ਼ਤਮ ਕਰਨ ਦੀ ਜ਼ਰੂਰਤ ਹੈ। ਅਰੋੜਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਕੌਲ-ਕਰਾਰਾ ‘ਤੇ ਖਰਾ ਉੱਤਰਨ ਅਤੇ ਪੰਜਾਬ ਦੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਸਮੇਤ ਸਾਰੇ ਵਰਗਾਂ ਨੂੰ ਸਸਤੀ ਬਿਜਲੀ ਉਪਲਬਧ ਕਰਾਉਣ।

‘ਆਪ’ ਆਗੂ ਨੇ ਮੁੱਖ ਮੰਤਰੀ ਨੂੰ ਲਿਖਿਆ ਕਿ ਸੱਤਾ ‘ਚ ਆ ਤੁਹਾਡੀ ਕਾਂਗਰਸ ਸਰਕਾਰ ਨੇ ਆਪਣੇ ਵਾਅਦਿਆਂ ‘ਤੇ ਪੂਰਾ ਉੱਤਰਨ ਦੀ ਥਾਂ ਉਲਟਾ ਅਮਲ ਸ਼ੁਰੂ ਕਰ ਦਿੱਤਾ ਹੈ। ਢਾਈ ਸਾਲਾਂ ਦੇ ਸ਼ਾਸਨ ਦੌਰਾਨ ਵਾਰ-ਵਾਰ ਬਿਜਲੀ ਦਰਾਂ ‘ਚ ਵਾਧਾ ਕੀਤਾ ਜਾ ਰਿਹਾ ਹੈ, ਪਰੰਤੂ ਨਿੱਜੀ ਥਰਮਲ ਪਲਾਂਟਾਂ ਨਾਲ ਬਾਦਲਾਂ ਵੱਲੋਂ ਕੀਤੇ ਗਏ ਘਾਤਕ ਅਤੇ ਘਪਲੇਬਾਜ਼ੀ ਨਾਲ ਭਰੇ ਸਮਝੌਤੇ ਰੱਦ ਕਰਨ ਬਾਰੇ ਚੁੱਪੀ ਹੀ ਧਾਰ ਲਈ ਹੈ।

ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਹਮ-ਰੁਤਬਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ ਕਿ ਸੱਤਾ ਸੰਭਾਲਦਿਆਂ ਹੀ 4 ਸਾਲ ਪਹਿਲਾਂ ਕੇਜਰੀਵਾਲ ਨੇ ਕਿਵੇਂ ਦਿੱਲੀ ‘ਚ ਹਾਈ ਪ੍ਰਾਈਵੇਟ ਬਿਜਲੀ ਕੰਪਨੀਆਂ ਦੇ ਮਾਫ਼ੀਆ ਨੂੰ ਨੱਥ ਪਾ ਕੇ ਦਿੱਲੀ ਦੇ ਲੋਕਾਂ ਨੂੰ ਦੇਸ਼ ‘ਚ ਸਭ ਤੋਂ ਸਸਤੀ ਬਿਜਲੀ  ਉਪਲਬਧ ਕੀਤੀ। ਹਾਲਾਂਕਿ ਦਿੱਲੀ ਸਰਕਾਰ ਖ਼ੁਦ ਇੱਕ ਵੀ ਯੂਨਿਟ ਬਿਜਲੀ ਉਤਪਾਦਨ ਨਹੀਂ ਕਰਦੀ ਅਤੇ ਪੰਜਾਬ ਖ਼ੁਦ ਨੂੰ ਬਿਜਲੀ ਸਰਪਲੱਸ ਸੂਬਾ ਹੋਣ ਦਾ ਦਾਅਵਾ ਕਰਦੀ ਹੈ।

ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਹੱਦੋਂ ਵੱਧ ਮਹਿੰਗੀ ਬਿਜਲੀ ਤੋਂ ਰਾਹਤ ਦੇਣ ਲਈ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਖ਼ਰੀਦ ਸਮਝੌਤੇ ਰੱਦ ਕਰਕੇ ਨਵੇਂ ਸਿਰਿਓਂ ਸਸਤੇ ਖ਼ਰੀਦ ਸਮਝੌਤੇ ਕਰਨ। ਅਰੋੜਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਦੀਆਂ ਵਧਾਈਆਂ ਦਰਾਂ ਵਾਪਸ ਨਾ ਲਈਆਂ ਅਤੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਨਾ ਕੀਤੇ ਤਾਂ ਆਮ ਆਦਮੀ ਪਾਰਟੀ ਸੂਬੇ ਪੱਧਰ ‘ਤੇ ਬਿਜਲੀ ਅੰਦੋਲਨ ਕਰਕੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਵੇਗੀ।