ਪਟਿਆਲਾ, 21 ਜੂਨ
ਪਾਵਰਕੌਮ ’ਤੇ ਘਰੇਲੂ ਬਿਜਲੀ ਦੇ ਖ਼ਪਤਕਾਰਾਂ ਦੀ ਲੁੱਟ ਦੇ ਦੋਸ਼ ਲਾਉਂਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਜੂਨ 2018 ਵਿੱਚ ਵਧਾਈਆਂ ਬਿਜਲੀ ਦਰਾਂ ਅਪਰੈਲ 2017 ਦੇ ਸਮੇਂ ਤੋਂ ਵਸੂਲੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਲੋਕ ਸੂਚਨਾ ਅਨੁਸਾਰ, 2018-19 ਲਈ ਬਿਜਲੀ ਦੀਆਂ ਵਧੀਆਂ ਹੋਈਆਂ ਦਰਾਂ ਪਹਿਲੀ ਅਪਰੈਲ 2018 ਤੋਂ 31 ਮਾਰਚ 2019 ਤੱਕ ਲਾਗੂ ਹੋਣਗੀਆਂ, ਪਰ ਪਾਵਰਕੌਮ ਵੱਲੋਂ ਜੂਨ 2018 ਦੇ ਘਰੇਲੂ ਬਿਜਲੀ ਦੇ ਬਿੱਲਾਂ ਵਿੱਚ 1 ਅਪਰੈਲ 2017 ਦੇ ਬਿੱਲਾਂ ਦਾ ਬਕਾਇਆ ਵੀ ਹੁਣ ਦੀਆਂ ਵਧੀਆਂ ਦਰਾਂ ਅਨੁਸਾਰ ਕਿਸ਼ਤਾਂ ਬਣਾ ਕੇ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਹਰ ਖੇਤਰ ਵਿੱਚ ਵਧਾਈਆਂ ਗਈਆਂ ਦਰਾਂ ਕੇਵਲ ਉਸ ਦੀ ਨੋਟੀਫਿਕੇਸ਼ਨ ਦੀ ਤਰੀਕ ਤੋਂ ਹੀ ਲਾਗੂ ਹੋ ਸਕਦੀਆਂ ਹਨ, ਉਸ ਨੂੰ ਕਿਸੇ ਵੀ ਕੀਮਤ ’ਤੇ ਅਤੀਤ ਪ੍ਰਭਾਵ ਨਾਲ ਪਿਛਲੀ ਤਰੀਕ ਤੋਂ ਵਸੂਲ ਨਹੀਂ ਕੀਤਾ ਜਾ ਸਕਦਾ, ਪਰ ਪਾਵਰਕੌਮ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ, ਜਿਸ ਕਰਕੇ ਕਮਿਸ਼ਨ ਨੂੰ ਅਜਿਹੀ ਉਲੰਘਣਾ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ।