ਮੋਗਾ, 10 ਅਕਤੂਬਰ
ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਮੋਗਾ ਵਿਚ ਕੋਟਕਪੂਰਾ ਬਾਈਪਾਸ ਉਤੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਵਾਲ-ਵਾਲ ਬਚ ਗਏ। ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਉਨ੍ਹਾਂ ਦੀ ਪਾਇਲਟ ਇਨੋਵਾ ਗੱਡੀ ਵਿਚ ਬੈਠੇ ਇੱਕ ਸੀਆਈਐਸਐਫ ਦੇ ਜਵਾਨ ਦੀ ਜਾਨ ਚਲੀ ਗਈ ਅਤੇ 5 ਹੋਰ ਸੁਰੱਖਿਆ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ । ਟੱਕਰ ਇੰਨੀ ਭਿਆਨਕ ਸੀ ਕਿ ਇਨੋਵਾ ਪਾਇਲਟ ਗੱਡੀ ਪਲਟੀਆਂ ਖਾ ਕੇ ਬੁਰੀ ਤਰ੍ਹਾਂ ਨਾਲ ਟੁੱਟ ਗਈ।
ਮੋਗਾ ਵਿਚ ਸੜਕ ਉਤੇ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਇਹ ਭਿਆਨਕ ਹਾਦਸਾ ਵਾਪਰਿਆ। ਪਤਾ ਲੱਗਿਆ ਹੈ ਕਿ ਟਰੱਕ ਇੰਨਾ ਤੇਜ਼ ਸੀ ਕਿ ਉਸ ਦਾ ਚਾਲਕ ਆਪਣਾ ਕੰਟਰੋਲ ਗੁਆ ਬੈਠਾ ਤੇ ਉਸ ਨੇ ਸਿੱਧੀ ਟੱਕਰ ਮਜੀਠੀਆ ਦੇ ਕਾਫ਼ਲੇ ਵਿਚ ਮਾਰੀ। ਇਸ ਦੌਰਾਨ ਮਜੀਠੀਆ ਦੇ ਡਰਾਈਵਰ ਨੇ ਮਸਾਂ ਕਾਫ਼ੀ ਮੁਸ਼ਕਲ ਨਾਲ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਮਜੀਠੀਆ ਵਾਲ-ਵਾਲ ਬਚ ਗਏ। ਪਤਾ ਲੱਗਿਆ ਹੈ ਕਿ ਇਹ ਹਾਦਸਾ ਬੀਤੀ ਦੇਰ ਰਾਤ 12 ਵਜੇ ਦੇ ਕਰੀਬ ਵਾਪਰਿਆ।
ਹਾਦਸੇ ਵਾਪਰਨ ਤੋਂ ਬਾਅਦ ਮਜੀਠੀਆ ਨੇ ਤੁਰੰਤ ਖੁਦ ਨਾਲ ਜਾ ਕੇ ਜ਼ਖਮੀ ਸੁਰੱਖਿਆ ਮੁਲਾਜ਼ਮਾਂ ਨੂੰ ਹਸਪਤਾਲ ਪਹੁੰਚਾਇਆ ਅਤੇ ਉਹ ਖੁਦ ਸਵੇਰ ਤੱਕ ਲੁਧਿਆਣਾ ਦੇ ਹਸਪਤਾਲ ਵਿਚ ਹੀ ਬੈਠ ਕੇ ਆਪਣੇ ਮੁਲਾਜ਼ਮਾਂ ਦੇ ਇਲਾਜ ਦੀ ਦੇਖਰੇਖ ਕਰਦੇ ਰਹੇ।