ਬੁੱਧਵਾਰ ਸਵੇਰੇ ਵਿਜੀਲੈਂਸ ਦੀ ਟੀਮ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਗ੍ਰੀਨ ਐਵੇਨਿਊ ਸਥਿਤ ਘਰ ਪਹੁੰਚੀ। ਛਾਪੇਮਾਰੀ ਮਗਰੋਂ ਵਿਜੀਲੈਂਸ ਦੀ ਟੀਮ ਬਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ ਵਿਚ ਲੈ ਕੇ ਆਪਣੇ ਨਾਲ ਲੈ ਗਈ ਹੈ। ਬਿਕਰਮ ਮਜੀਠੀਆ ਖਿਲਾਫ਼ ਦਰਜ ਕੀਤੀ ਗਈ FIR ਦੀ ਕਾਪੀ ਸਾਹਮਣੇ ਆਈ ਗਈ ਹੈ।

ਮਜੀਠੀਆ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ FIR ਸਵੇਰੇ 4:40 ਵਜੇ ਮੋਹਾਲੀ ਵਿਚ ਦਰਜ ਕੀਤਾ ਗਿਆ ਹੈ। FIR ‘ਚ ਮਜੀਠੀਆ ਦੀ ਪਤਨੀ ਗੁਨੀਵ ਕੌਰ ਮਜੀਠੀਆ ਦੀ ਜਾਇਦਾਦ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਰੇਡ ਦੌਰਾਨ ਵਿਜੀਲੈਂਸ ਨੇ ਕਈ ਦਸਤਾਵੇਜ਼, ਮੋਬਾਈਲ ਫੋਨ, ਲੈਪਟਾਪ ਆਦਿ ਵੀ ਕਬਜ਼ੇ ਵਿੱਚ ਲਏ।
ਰੇਡ ਦੌਰਾਨ ਵਿਜੀਲੈਂਸ ਟੀਮ ਵੱਲੋਂ ਘਰ ਵਿਚ ਦਾਖਲ ਹੋਣ ‘ਤੇ ਮਜੀਠੀਆ ਦੀ ਪਤਨੀ ਗੁਨੀਵ ਕੌਰ ਨੇ ਗੁੱਸਾ ਜਤਾਉਂਦਿਆਂ ਕਿਹਾ ਕਿ ਵਿਜੀਲੈਂਸ ਅਧਿਕਾਰੀ ਬਿਨਾਂ ਸੂਚਨਾ ਦੇ ਘਰ ਅੰਦਰ ਵੜ ਆਏ। ਉਨ੍ਹਾਂ ਕਿਹਾ ਕਿ ਸਾਡੇ ਘਰ ‘ਚ ਕੁਝ ਵੀ ਪਲਾਂਟ ਕੀਤਾ ਜਾ ਸਕਦਾ ਸੀ। ਇਹ ਸਿਰਫ ਡਰਾਉਣ ਦੀ ਕੋਸ਼ਿਸ਼ ਹੈ। ਉਥੇ ਹੀ ਮਜੀਠੀਆ ਨੇ ਕਿਹਾ ਕਿ ਸਾਰੀ ਕਾਰਵਾਈ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਵਿਜੀਲੈਂਸ ਟੀਮ ਮਜੀਠੀਆ ਨੂੰ ਮੋਹਾਲੀ ਲੈ ਗਈ, ਜਿੱਥੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ, ਅਕਾਲੀ ਦਲ ਦੇ ਆਗੂ ਅਤੇ ਸਮਰਥਕ ਅਦਾਲਤ ਦੇ ਬਾਹਰ ਪਹੁੰਚਣੇ ਸ਼ੁਰੂ ਹੋ ਗਏ ਹਨ, ਵਰਕਰ ਇੱਥੇ ਨਾਅਰੇਬਾਜ਼ੀ ਕਰ ਰਹੇ ਹਨ।
ਉਥੇ ਹੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਇਸ ਗ੍ਰਿਪਤਾਰੀ ‘ਤੇ ਕਿਹਾ ਕਿ ਭਗਵੰਤ ਮਾਨ ਵੱਲੋਂ ਵਿਜੀਲੈਂਸ ਦੀ ਦੁਰਵਰਤੋਂ ਬਹੁਤ ਹਲਕੀ ਰਾਜਨੀਤੀ ਦਾ ਸਬੂਤ ਦਿੰਦੀ ਹੈ। ਜੋ ਕਾਂਗਰਸ ਨੇ ਐਮਰਜੈਂਸੀ ਲਗਾ ਕੇ ਕੀਤਾ ਸੀ, ਉਹੀ ਹਾਲ ਭਗਵੰਤ ਮਾਨ ਨੇ ਪੰਜਾਬ ਵਿਚ ਕੀਤਾ ਹੈ। ਜਿਹੜਾ ਆਗੂ ਮਾਨ ਦੇ ਜਾਂ ਸਰਕਾਰ ਦੀ ਨਾਕਾਮੀ ਤੇ ਸਵਾਲ ਚੁੱਕਦਾ ਹੈ, ਓਹਨੂੰ ਡਰਾ ਧਮਕਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭਗਵੰਤ ਮਾਨ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਢੇ ਤੁਸੀ ਬੀਜ ਰਹੇ ਹੋ ਸੋ ਬੀਜ ਰਹੇ ਹੋ, ਪਰ ਜਿਹੜੇ ਕੰਢੇ ਆਪਣੀ ਨਿੱਜੀ ਜ਼ਿੰਦਗੀ ਚ ਬੀਜ ਰਹੇ ਹੋ ਇਹ 2027 ਤੋਂ ਬਾਅਦ ਚੁਗਣੇ ਮੁਸ਼ਕਿਲ ਹੋ ਜਾਣੇ ਨੇ।