ਲੁਧਿਆਣਾ, 16 ਸਤੰਬਰ

ਪੀਏਯੂ ਵਿੱਚ ਕੱਲ੍ਹ ਸ਼ੁਰੂ ਹੋਇਆ ਦੋ ਰੋਜ਼ਾ ਕਿਸਾਨ ਮੇਲਾ ਅੱਜ ਦੇਰ ਸ਼ਾਮ ਸਮਾਪਤ ਹੋ ਗਿਆ। ਮੇਲੇ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਥੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਬਾਸਮਤੀ ਦੀ ਬਰਾਮਦ ’ਤੇ ਲਾਈਆਂ ਪਾਬੰਦੀਆਂ ਤੁਰੰਤ ਵਾਪਸ ਲਵੇ। ਉਨ੍ਹਾਂ ਆਂਗਹਵਧੂ ਕਿਸਾਨਾਂ ਅਤੇ ਵਿਗਿਆਨੀਆਂ ਨੂੰ ਸਨਮਾਨਤ ਵੀ ਕੀਤਾ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮੁੱਖ ਸਕੱਤਰ ਮਾਲ ਵਿਭਾਗ ਕੇਏਪੀ ਸਿਨਹਾ, ਵੈਟਰਨਰੀ ’ਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਸਮੇਤ ਹੋਰ ਕਈ ਉੱਚ ਅਧਿਕਾਰੀ ਮੌਜੂਦ ਸਨ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵੱਲੋਂ ਬਾਸਮਤੀ ’ਤੇ ਪਾਬੰਦੀਆਂ ਲਾਉਣ ਦਾ ਬੇਤੁਕਾ ਫ਼ੈਸਲਾ ਕਿਸਾਨਾਂ ਦੇ ਨਾਲ-ਨਾਲ ਵਪਾਰੀਆਂ ਨੂੰ ਆਰਥਿਕ ਤੌਰ ’ਤੇ ਵੱਡਾ ਨੁਕਸਾਨ ਪਹੁੰਚਾਏਗਾ। ਉਨ੍ਹਾਂ ਕਿਹਾ ਕਿ ਕੇਂਦਰ ਨੇ ਬਾਸਮਤੀ ਦਾ ਘੱਟੋ-ਘੱਟ ਬਰਾਮਦ ਮੁੱਲ 1200 ਡਾਲਰ ਪ੍ਰਤੀ ਟਨ ਤੈਅ ਕੀਤਾ ਹੈ, ਜਿਸ ਦਾ ਮਾੜਾ ਅਸਰ ਬਾਸਮਤੀ ਦੀਆਂ ਘਰੇਲੂ ਕੀਮਤਾਂ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਬਾਸਮਤੀ ਕੇਰਲਾ, ਬੰਗਾਲ ਆਦਿ ਸੂਬਿਆਂ ਵਿੱਚ ਭੇਜਣ ’ਤੇ ਵਿਚਾਰ ਕਰ ਰਹੀ ਹੈ। ਸ੍ਰੀ ਮਾਨ ਨੇ ਮੌਜੂਦਾ ਖੇਤੀ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖੇਤੀ ਵਿਗਿਆਨਕ ਹੋ ਗਈ ਹੈ, ਬਿਜਾਈ, ਸਿੰਜਾਈ ਤੋਂ ਲੈ ਕੇ ਪੌਦ ਸੁਰੱਖਿਆ ਤੇ ਵਢਾਈ ਦੇ ਨਵੇਂ ਤਰੀਕੇ ਸਾਹਮਣੇ ਆਏ ਹਨ। ਖੇਤੀ ਵਿੱਚ ਬਦਲਾਅ ਸਮੇਂ ਦੀ ਲੋੜ ਹੈ। ਇਸ ਮੌਕੇ ਡਾ. ਗੋਸਲ ਨੇ ’ਵਰਸਿਟੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਵਿਸ਼ਵ ਬੈਂਕ ਦੀ ਇਮਦਾਦ ਨਾਲ ਵਾਤਾਵਰਨ ਦੀ ਸੰਭਾਲ ਲਈ ਹੋਰ ਖੋਜ ਕੀਤੀ ਜਾਵੇਗੀ। ਸਰਕਾਰ ਵੱਲੋਂ ਫਰੀਦਕੋਟ ਦੇ ਬੀੜ ਸਿੱਖਾਂਵਾਲਾ ਬੀਜ ਫਾਰਮ ਮੁੜ ਪੀਏਯੂ ਨੂੰ ਸੌਂਪਣ ਨਾਲ ਖੋਜ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲਣ ਦੀ ਆਸ ਹੈ। ਅਖੀਰ ਵਿੱਚ ਨਿਰਦੇਸ਼ਕ ਪਾਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਸਾਨ ਮੇਲੇ ਵਿੱਚ ਹਿੱਸਾ ਲੈ ਰਹੇ ਪਤਵੰਤਿਆਂ, ਕਿਸਾਨਾਂ ਅਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਵਿਦਿਆਰਥੀ ਭਲਾਈ ਅਧਿਕਾਰੀ ਗੁਰਪ੍ਰੀਤ ਵਿਰਕ ਨੇ ਕੀਤਾ।