ਅਦਾਕਾਰ ਸੈਫ ਅਲੀ ਖਾਨ ਉਸ ਸਮੇਂ ਜ਼ਖਮੀ ਹੋ ਗਏ ਜਦੋਂ ਇੱਕ ਹਮਲਾਵਰ ਨੇ ਮੁੰਬਈ ਵਿੱਚ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਵੀਰਵਾਰ ਸਵੇਰੇ ਇਹ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਦੇਰ ਰਾਤ ਸੈਫ ਦੇ ਬਾਂਦਰਾ ਸਥਿਤ ਘਰ ‘ਤੇ ਵਾਪਰੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ, ਇੱਕ ਅਣਜਾਣ ਵਿਅਕਤੀ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋਇਆ ਅਤੇ ਦੋਵਾਂ ਵਿਚਕਾਰ ਝਗੜਾ ਹੋ ਗਿਆ। ਘਟਨਾ ਸਮੇਂ ਅਦਾਕਾਰ ਦੇ ਕੁਝ ਪਰਿਵਾਰਕ ਮੈਂਬਰ ਘਰ ਵਿੱਚ ਮੌਜੂਦ ਸਨ।
ਅਧਿਕਾਰੀ ਨੇ ਦੱਸਿਆ ਕਿ ਸੈਫ ਅਲੀ ਖਾਨ ਚਾਕੂ ਦੇ ਹਮਲੇ ਵਿੱਚ ਜ਼ਖਮੀ ਹੋ ਗਿਆ ਹੈ। ਉਸਨੂੰ ਜ਼ਖਮੀ ਹਾਲਤ ਵਿੱਚ ਬਾਂਦਰਾ ਦੇ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਬਾਂਦਰਾ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਖਾਨ (54) ਨੂੰ ਇਲਾਜ ਲਈ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਹ ਘਟਨਾ ਉਨ੍ਹਾਂ ਦੇ ਬਾਂਦਰਾ ਸਥਿਤ ਘਰ ‘ਤੇ ਸਵੇਰੇ ਲਗਭਗ 2.30 ਵਜੇ ਵਾਪਰੀ।
ਲੀਲਾਵਤੀ ਹਸਪਤਾਲ ਦੇ ਸੀਓਓ ਡਾ. ਨੀਰਜ ਉਤਮਣੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਖਾਨ ‘ਤੇ ਉਨ੍ਹਾਂ ਦੇ ਬਾਂਦਰਾ ਸਥਿਤ ਘਰ ‘ਤੇ ਇੱਕ ਅਣਪਛਾਤੇ ਵਿਅਕਤੀ ਨੇ ਚਾਕੂ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਸਵੇਰੇ 3.30 ਵਜੇ ਹਸਪਤਾਲ ਲਿਆਂਦਾ ਗਿਆ।
ਡਾਕਟਰ ਉੱਤਮਣੀ ਨੇ ਕਿਹਾ, “ਸੈਫ ਨੂੰ ਛੇ ਵਾਰ ਚਾਕੂ ਮਾਰਿਆ ਗਿਆ ਸੀ। ਉਸਦੇ ਦੋ ਡੂੰਘੇ ਜ਼ਖ਼ਮ ਹਨ, ਜਿਨ੍ਹਾਂ ਵਿੱਚੋਂ ਇੱਕ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦੇ ਨੇੜੇ ਹੈ। ਨਿਊਰੋਸਰਜਨ ਡਾ. ਨਿਤਿਨ ਡਾਂਗੇ, ਕਾਸਮੈਟਿਕ ਸਰਜਨ ਡਾ. ਲੀਨਾ ਜੈਨ ਅਤੇ ਅਨੱਸਥੀਸੀਓਲੋਜਿਸਟ ਡਾ. ਨਿਸ਼ਾ ਗਾਂਧੀ ਦੀ ਅਗਵਾਈ ਵਿੱਚ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦਾ ਆਪ੍ਰੇਸ਼ਨ ਕਰ ਰਹੀ ਹੈ।
ਡਾਕਟਰ ਉੱਤਮਣੀ ਨੇ ਦਸਿਆ, “ਸਰਜਰੀ ਅਜੇ ਵੀ ਜਾਰੀ ਹੈ। ਉਨ੍ਹਾਂ ਨੂੰ ਛੇ ਥਾਵਾਂ ਉਤੇ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚੋਂ ਦੋ ਮਾਮੂਲੀ ਅਤੇ ਦੋ ਗੰਭੀਰ ਸਨ।
ਉਨ੍ਹਾਂ ਨੇ ਕਿਹਾ ਕਿ ਅਦਾਕਾਰ ਦੇ ਖੱਬੇ ਗੁੱਟ ‘ਤੇ ਡੂੰਘਾ ਜ਼ਖ਼ਮ ਹੈ ।
ਸੈਫ਼ ਦੀ ਪਤਨੀ ਅਤੇ ਅਦਾਕਾਰਾ ਕਰੀਨਾ ਕਪੂਰ ਦੀ ਟੀਮ ਨੇ ਇੱਕ ਬਿਆਨ ਵਿਚ ਕਿਹਾ, “ਬੀਤੀ ਰਾਤ ਸੈਫ਼ ਅਲੀ ਖਾਨ ਅਤੇ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਖਾਨ ਦੇ ਘਰ ਚੋਰੀ ਦੀ ਕੋਸ਼ਿਸ਼ ਕੀਤੀ ਗਈ।” ਸੈਫ਼ ਦੇ ਹੱਥ ‘ਤੇ ਸੱਟ ਲੱਗੀ ਹੈ ਅਤੇ ਉਹ ਇਲਾਜ ਲਈ ਹਸਪਤਾਲ ਵਿਚ ਹਨ। ਪਰਿਵਾਰ ਦੇ ਬਾਕੀ ਮੈਂਬਰ ਠੀਕ ਹਨ।”
ਬਿਆਨ ਵਿਚ ਕਿਹਾ ਗਿਆ ਹੈ, “ਅਸੀਂ ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਸਬਰ ਰੱਖਣ ਦੀ ਬੇਨਤੀ ਕਰਦੇ ਹਾਂ।” ਪੁਲਿਸ ਪਹਿਲਾਂ ਹੀ ਆਪਣੀ ਜਾਂਚ ਕਰ ਰਹੀ ਹੈ। ਤੁਹਾਡੀ ਚਿੰਤਾ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।”