ਬਾਲਾਸੌਰ/ਭੁਬਨੇਸ਼ਵਰ, 6 ਜੂਨ

ਭਿਆਨਕ ਰੇਲ ਹਾਦਸੇ ਮਗਰੋਂ ਖਾਲੀ ਕਰਵਾਈਆਂ ਗਈਆਂ ਪਟੜੀਆਂ ਦੀ ਮੁਰੰਮਤ ਤੋਂ ਬਾਅਦ ਅੱਪ ਅਤੇ ਡਾਊਨ ਲਾਈਨ ਟਰੈਕਾਂ ਤੋਂ ਰੇਲ ਆਵਾਜਾਈ ਸ਼ੁਰੂ ਹੋ ਗਈ ਹੈ। ਪਹਿਲੀ ਹਾਈ ਸਪੀਡ ਪੈਸੰਜਰ ਟਰੇਨ ਹਾਵੜਾ-ਪੁਰੀ ਵੰਦੇ ਭਾਰਤ ਐਕਸਪ੍ਰੈੱਸ ਅੱਜ ਸਵੇਰੇ ਇਸੇ ਟਰੈਕ ਤੋਂ ਗੁਜ਼ਰੀ। ਅਧਿਕਾਰੀਆਂ ਨੇ ਕਿਹਾ ਕਿ ਇਸ ਮੌਕੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਹਾਜ਼ਰ ਸਨ ਅਤੇ ਜਦੋਂ ਟਰੇਨ ਉਥੋਂ ਗੁਜ਼ਰੀ ਤਾਂ ਉਨ੍ਹਾਂ ਡਰਾਈਵਰ ਵੱਲ ਹੱਥ ਹਿਲਾ ਕੇ ਸਵਾਗਤ ਕੀਤਾ। ਇਸ ਤੋਂ ਪਹਿਲਾਂ ਐਤਵਾਰ ਰਾਤ ਵਿਜ਼ਾਗ ਬੰਦਰਗਾਹ ਤੋਂ ਕੋਇਲੇ ਨਾਲ ਲੱਦੀ ਮਾਲ ਗੱਡੀ ਰੂੜਕੇਲਾ ਸਟੀਲ ਪਲਾਂਟ ਲਈ ਉਥੋਂ ਗੁਜ਼ਰੀ ਸੀ। ਉਧਰ ਬਾਲਾਸੌਰ ’ਚ ਬਹਾਨਗਾ ਬਾਜ਼ਾਰ ਸਟੇਸ਼ਨ ਨੇੜੇ ਵਾਪਰੇ ਤੀਹਰੇ ਰੇਲ ਹਾਦਸੇ ’ਚ ਜ਼ਖ਼ਮੀ ਹੋਏ ਇੰਜਣ ਡਰਾਈਵਰ ਗੁਣਾਨਿਧੀ ਮੋਹੰਤੀ ਅਤੇ ਉਸ ਦੇ ਸਹਾਇਕ ਹਜਾਰੀ ਬੇਹੇੜਾ ਦੀ ਹਾਲਤ ਸਥਿਰ ਹੈ। ਦੋਹਾਂ ਦਾ ਭੁਬਨੇਸ਼ਵਰ ਦੇ ਏਮਸ ’ਚ ਇਲਾਜ ਚੱਲ ਰਿਹਾ ਹੈ। ਦੋਹਾਂ ਨੂੰ ਕੋਰੋਮੰਡਲ ਐਕਸਪ੍ਰੈੱਸ ’ਚੋਂ ਬਚਾਇਆ ਗਿਆ ਸੀ। ਦੱਖਣ ਪੂਰਬੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਅਦਿੱਤਿਆ ਚੌਧਰੀ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਦੋਵੇਂ ਡਰਾਈਵਰਾਂ ਦੀ ਹਾਲਤ ਸਥਿਰ ਹੈ। ‘ਮੋਹੰਤੀ ਨੂੰ ਅੱਜ ਆਈਸੀਯੂ ’ਚੋਂ ਬਾਹਰ ਲਿਆਂਦਾ ਗਿਆ ਹੈ ਜਦਕਿ ਬੇਹੇੜਾ ਦੇ ਸਿਰ ਦਾ ਅਜੇ ਅਪਰੇਸ਼ਨ ਹੋਣਾ ਹੈ।’ ਦੋਵੇਂ ਡਰਾਈਵਰਾਂ ਦੇ ਪਰਿਵਾਰਾਂ ਨੇ ਸਾਰਿਆਂ ਨੂੰ ਉਨ੍ਹਾਂ ਦੀ ਨਿੱਜਤਾ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਹੋ ਸਕਣ। ਉਨ੍ਹਾਂ ਦਾਅਵਾ ਕੀਤਾ ਕਿ ਡਰਾਈਵਰਾਂ ਨੂੰ ਹਾਦਸੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ ਕਿਉਂਕਿ ਉਹ ਲੋਕੋਮੋਟਿਵ ਨੇਮਾਂ ਮੁਤਾਬਕ ਚਲਾ ਰਹੇ ਸਨ। ਇਸ ਤੋਂ ਪਹਿਲਾਂ ਰੇਲ ਮੰਤਰਾਲੇ ਨੇ ਵੀ ਦੋਵੇਂ ਡਰਾਈਵਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ।