ਪਿੰਡ ਦੇ ਬਾਹਰਵਾਰ, ਪਿੱਪਲ ਲਾਗੇ ਪਈ ਖੁੱਲ੍ਹੀ ਜ਼ਮੀਨ ’ਤੇ ਬੱਚੇ ਖੇਡਾਂ ਖੇਡਦੇ ਸਨ। ਪਿੰਡ ਦੀਆਂ ਨਾਲੀਆਂ ਦਾ ਸਾਰਾ ਪਾਣੀ ਪੁਲੀ ਲੰਘ ਕੇ ਟੋਭੇ ਵਿੱਚ ਆ ਵੜਦਾ ਸੀ। ਮੀਂਹਾਂ ਦੇ ਦਿਨਾਂ ਵਿੱਚ ਇਹ ਪਾਣੀ ਪਹਿਲਾਂ ਟੋਭੇ ਨੂੰ ਭਰਦਾ ਅਤੇ ਫੇਰ ਪਿੱਪਲ ਨੂੰ ਘੇਰ ਲੈਂਦਾ। ਗ਼ਰੀਬ ਕਿਸਾਨਾਂ ਜਾਂ ਕੰਮੀਆਂ ਦੇ ਬੱਚੇ ਹੀ ਪਿੱਪਲ ਥੱਲੇ ਖੇਡਣ ਆਉਂਦੇ ਸਨ। ਖੇਡਣ ਲਈ ਉਨ੍ਹਾਂ ਕੋਲ ਆਪੇ ਘੜੀਆਂ ਖੇਡਾਂ ਹੁੰਦੀਆਂ ਸਨ। ਅੱਜ ਸਵੇਰੇ ਹੀ ਬੀਰ੍ਹਾ, ਜ਼ੈਲੀ ਅਤੇ ਜੀਤ ਤਿੰਨੇ ‘ਖੇਤ ਖੇਤ’ ਦੀ ਖੇਡ ਖੇਡਣ ਲਈ ਇੱਥੇ ਆਏ ਸਨ। ਤਿੰਨਾਂ ਨੇ ਪੱਥਰ ਨਾਲ ਲਕੀਰ ਖਿੱਚ ਕੇ ਜ਼ਮੀਨ ਦੀ ਨਿਸ਼ਾਨਦੇਹੀ ਕਰ ਲਈ ਸੀ। ਫਿਰ ਉਸ ਨੂੰ ਬਰਾਬਰ ਤਿੰਨ ਹਿੱਸਿਆਂ ਵਿੱਚ ਵੰਡ ਲਿਆ। ਇਹ ਉਨ੍ਹਾਂ ਦੇ ਤਿੰਨ ਖੇਤ ਬਣ ਗਏ ਸਨ। ਪੁਲੀ ਵਾਲੇ ਪਾਸਿਓਂ ਪਹਿਲਾ ਬੀਰ੍ਹੇ ਦਾ ਖੇਤ ਸੀ, ਦੂਜਾ ਜ਼ੈਲੀ ਦਾ ਤੇ ਤੀਜਾ ਜੀਤ ਦਾ। ਸਵੇਰ ਤੋਂ ਲੈ ਕੇ ਸ਼ਾਮ ਤੀਕਰ ਉਹ ਖੁਰਪਿਆਂ ਨਾਲ ਆਪੋ ਆਪਣੇ ਖੇਤ ਦੀ ਮਿੱਟੀ ਤਿਆਰ ਕਰਦੇ ਰਹੇ। ਇੱਟਾਂ ਗੱਡ ਕੇ ਖੇਤਾਂ ਦੀ ਹੱਦਬੰਦੀ ਵੀ ਕਰ ਲਈ ਸੀ। ਅੰਦਰ ਵੱਟਾਂ ਬਣਾ ਲਈਆਂ ਸਨ। ਪੁਲੀ ਤੋਂ ਖਾਲ ਬਣਾ ਕੇ ਪਾਣੀ ਖੇਤਾਂ ਵਿੱਚ ਵੜਦਾ ਕਰ ਲਿਆ। ਰਾਤ ਭਰ ਪਾਣੀ ਲੱਗਣ ਨਾਲ ਖੇਤ ਤਰ ਹੋ ਗਏ ਸਨ। ਦੂਜੇ ਦਿਨ ਬੀਰ੍ਹੇ ਨੇ ਖੇਤ ਵਿੱਚ ਸਰੋਂ ਬੀਜ ਦਿੱਤੀ ਸੀ। ਜ਼ੈਲੀ ਨੇ ਆਪਣੇ ਖੇਤ ਵਿੱਚ ਅਲਸੀ ਬੀਜੀ। ਜੀਤ ਨੇ ਆਪਣੇ ਖੇਤ ਵਿੱਚ ਜੌਂ ਬੀਜੇ ਸਨ। ਬੀਜ ਤਾਂ ਉਨ੍ਹਾਂ ਨੂੰ ਘਰੋਂ ਹੀ ਮਿਲ ਗਏ ਸਨ। ਜੇਬਾਂ ਭਰ ਲਿਆਏ ਸਨ। ਉਨ੍ਹਾਂ ਦੇ ਘਰੇ ਹਰ ਫ਼ਸਲ ਦੇ ਬੀਜ ਰੱਖਣ, ਖੇਤਾਂ ਦੀ ਰਾਖੀ ਕਰਨ, ਕੀੜੇ ਮਾਰ ਦਵਾਈ ਛਿੜਕਣ, ਫ਼ਸਲ ਕੱਟਣ ਤੇ ਮੰਡੀ ਲਿਜਾਣ ਬਾਰੇ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਸਨ। ਜੁਆਕਾਂ ਨੂੰ ਇਸ ਬਾਰੇ ਸਾਰੀ ਸਮਝ ਸੀ। ਇਹ ਖੇਤ ਜੁਆਕਾਂ ਦੇ ਸੁਪਨਿਆਂ ਦੇ ਖੇਤ ਸਨ। ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਜਿਸ ਜ਼ਮੀਨ ’ਤੇ ਉਨ੍ਹਾਂ ਫ਼ਸਲ ਬੀਜੀ ਸੀ, ਉਹ ਜ਼ਮੀਨ ਕੀਹਦੀ ਸੀ? ਉਨ੍ਹਾਂ ਨੇ ਤਾਂ ਰੱਬ ਦੀ ਧਰਤੀ ’ਤੇ ਸੁਪਨੇ ਬੀਜ ਦਿੱਤੇ ਸਨ। ਦਿਨਾਂ ਵਿੱਚ ਹੀ ਬੀਜ ਪੁੰਗਰ ਪਏ। ਤੂਈਆਂ ਨਿਕਲ ਆਈਆਂ ਸਨ। ਜੁਆਕਾਂ ਦੇ ਚਿਹਰਿਆਂ ’ਤੇ ਜਿੱਤ ਵਰਗੀ ਖ਼ੁਸ਼ੀ ਸੀ। ਪੁੰਗਰੇ ਪੌਦਿਆਂ ਦੀ ਰਾਖੀ ਕਰਨ ਲਈ ਉਨ੍ਹਾਂ ਨੇ ਬੇਰੀ ਦੀਆਂ ਝਿੰਗਾਂ ਪੌਦਿਆਂ ’ਤੇ ਰੱਖ ਦਿੱਤੀਆਂ ਸਨ। ਉਨ੍ਹਾਂ ਨੂੰ ਡਰ ਸੀ ਕਿ ਕੋਈ ਖਾਰ ਖਾਣ ਵਾਲਾ ਜੁਆਕ ਪੌਦਿਆਂ ਨੂੰ ਮਿੱਧ ਨਾ ਜਾਵੇ ਜਾਂ ਕੋਈ ਪਸ਼ੂ ਪੌਦਿਆਂ ਨੂੰ ਲਿਤਾੜ ਨਾ ਦੇਵੇ। ਇੱਕ ਚੌਥਾ ਮੁੰਡਾ ਸੀ ਕਾਕੂ। ਉਹ ਵੀ ਪੂਰਾ ਛਿੰਗੜੀ ਛੇੜ ਸੀ। ਖੁਰਪੀ ਚੁੱਕ ਕੇ ਉਹ ਵੀ ਉੱਥੇ ਪਹੁੰਚ ਗਿਆ। ਨਾਲ ਦੀ ਜ਼ਮੀਨ ’ਤੇ ਉਹ ਵੀ ਖੇਤ ਬਣਾਉਣ ਲੱਗਾ। ਉਹ ਪੰਗਾ ਲੈ ਰਿਹਾ ਸੀ ਅਤੇ ਡਰਦਾ ਵੀ ਸੀ ਕਿ ਤਿੰਨ ਰਲ ਕੇ ਉਸ ਨੂੰ ਕੁੱਟਣ ਨਾ ਲੱਗ ਪੈਣ। ਬੀਰ੍ਹੇ, ਜੀਤ ਅਤੇ ਜ਼ੈਲੀ ਨੇ ਕਾਕੂ ਨੂੰ ਉੱਥੇ ਖੇਤ ਬਣਾਉਣ ਤੋਂ ਰੋਕ ਦਿੱਤਾ ਸੀ। ਕਾਕੂ ਤਿੰਨਾਂ ਨੂੰ ਦੂਰ ਖਲੋ ਕੇ ਬੁਰਾ ਭਲਾ ਬੋਲਦਾ ਰਿਹਾ, ‘ਤੁਸੀਂ ਮੈਨੂੰ ਖੇਤ ਨਹੀਂ ਬਣਾਉਣ ਦਿੰਦੇ, ਮੈਂ ਥੋਡੇ ਖੇਤ ਵੀ ਹੁਣ ਰਹਿਣ ਨਹੀਂ ਦਿਆਂਗਾ।’

ਕਾਕੂ ਝੱਟ ਜੀਤ ਦੀ ਮਾਂ ਕੋਲ ਸ਼ਿਕਾਇਤ ਲਾਉਣ ਪਹੁੰਚ ਗਿਆ। ਕਹਿੰਦਾ, ‘ਚਾਚੀ ਥੋਡਾ ਜੀਤ, ਬੀਰ੍ਹਾ ਤੇ ਜ਼ੈਲੀ ਤਿੰਨੇ ਪੁਲੀ ਕੋਲ ਨਾਲੀਆਂ ਦੇ ਗੰਦੇ ਪਾਣੀ ਨਾਲ ਖੇਡਦੇ ਨੇ।’

‘ਕਿੱਥੇ ਪੁੱਤ?’ ਜੀਤ ਦੀ ਮਾਂ ਬੋਲੀ।

‘ਟੋਭੇ ਕੋਲ।’

‘ਚੱਲ ਪੁੱਤ ਮੇਰੇ ਨਾਲ ਅੱਜ ਭੁਗਤ ਸੁਆਰਦੀ ਆਂ ਉਸ ਦੀ।’ ਜੀਤ ਦੀ ਮਾਂ ਪੁਲੀ ਵੱਲ ਤੁਰ ਪਈ। ਕਾਕੂ, ਜ਼ੈਲੀ ਅਤੇ ਬੀਰ੍ਹੇ ਦੀ ਮੰਮੀ ਨੂੰ ਵੀ ਸ਼ਿਕਾਇਤ ਲਾ ਆਇਆ ਸੀ। ਤਿੰਨਾਂ ਦੀਆਂ ਮਾਵਾਂ ਟੋਭੇ ’ਤੇ ਪਹੁੰਚ ਗਈਆਂ। ਕਾਕੂ ਵੀ ਉਨ੍ਹਾਂ ਕੋਲ ਆ ਗਿਆ ਸੀ। ਕਾਕੂ ਨੇ ਮਾਵਾਂ ਨੂੰ ਉਂਗਲੀ ਦੇ ਇਸ਼ਾਰੇ ਨਾਲ ਤਿੰਨਾਂ ਦੇ ਖੇਤ ਦਿਖਾਏ। ਮਾਵਾਂ ਨੂੰ ਆਉਂਦੀਆਂ ਦੇਖ ਕੇ ਬੀਰ੍ਹਾ, ਜ਼ੈਲੀ ਅਤੇ ਜੀਤ ਨੇੜੇ ਦੇ ਕਮਾਦ ਵਿੱਚ ਲੁਕ ਗਏ। ਜੀਤ ਦੀ ਮਾਂ ਝਿੰਗ ਚੁੱਕ ਕੇ ਖੇਤ ਵਿਹੰਦਿਆਂ ਬੋਲੀ, ‘ਇਹ ਫ਼ਸਲ ਵੀ ਉਗਾ ਲੈਂਦੇ ਨੇ?’

ਬੀਰ੍ਹੇ ਦੀ ਮਾਂ ਬੋਲੀ, ‘ਜ਼ਿਮੀਂਦਾਰਾਂ ਦੇ ਜੁਆਕਾਂ ਦੇ ਤਾਂ ਖ਼ੂਨ ਵਿੱਚ ਕਿਸਾਨੀ ਹੁੰਦੀ ਹੈ।’

ਜ਼ੈਲੀ ਦੀ ਮਾਂ ਬੋਲੀ, ‘ਪੌਦੇ ਪੁੰਗਰੇ ਦੇਖ ਕੇ ਮੇਰੀ ਤਾਂ ਰੂਹ ਖ਼ੁਸ਼ ਹੋ ਗਈ ਐ ਭੈਣੇ।’

ਪਰ ਉਹ ਤਿੰਨੇ ਸੋਚਣ ਲੱਗੀਆਂ- ਆਹ ਜਿਹੜਾ ਐਥੇ ਕੂੜੇ ਵਾਲੇ ਪਾਣੀ ਵਿੱਚ ਲੱਤਾਂ ਬਾਹਾਂ ਲਬੇੜਦੇ ਨੇ, ਨਾ ਜਾਣੇ ਕੱਲ੍ਹ ਨੂੰ ਕੋਈ ਬਿਮਾਰੀ ਦੇ ਅੜਿੱਕੇ ਚੜ੍ਹਗੇ ਤਾਂ ਕੌਣ ਲੇਖਾ ਭਰੂਗਾ?

‘ਤਾਂ ਹੀ ਸਕੂਲ ਵੱਲ ਮੂੰਹ ਨਹੀਂ ਕਰਦੇ। ਆਂਹਦੇ ਔਹ ਮਾਸਟਰ ਬਾਹਲਾ ਹੀ ਕੁੱਟਦਾ। ਔਹ ਵਾਲਾ ਮਾਸਟਰ ਗਾਲ੍ਹਾਂ ਕੱਢਦਾ। ਬਹਾਨੇ ਘੜਦੇ ਰਹਿੰਦੇ ਨੇ। ਮੈਨੂੰ ਕੀ ਪਤਾ ਸੀ ਡੁੱਬ ਜਾਣੇ ਐਥੇ ਵਕਤ ਬਰਬਾਦ ਕਰਦੇ ਨੇ।’

ਹਵਾ ਕੁਝ ਤੇਜ਼ ਵਗਣ ਲੱਗੀ। ਤਿੰਨਾਂ ਦੀਆਂ ਮਾਵਾਂ ਪਿੱਪਲ ਦੀਆਂ ਜੜ੍ਹਾਂ ’ਤੇ ਬੈਠ ਗਈਆਂ। ਉਹ ਗੱਲਾਂ ਕਰਨ ਲੱਗੀਆਂ, ‘ਕੀ ਬਣਨਗੇ ਬੀਬੀ ਇਹ

ਵੱਡੇ ਹੋ ਕੇ?’ ਇੱਕ ਬੋਲੀ, ‘ਇਹੀ ਚਿੰਤਾ ਮੈਨੂੰ ਵੀ ਲੱਗੀ ਹੋਈ ਹੈ।’ ਦੂਜੀ ਨੇ ਕਿਹਾ। ਤੀਜੀ ਅਜੇ ਚੁੱਪ ਹੀ ਰਹੀ। ਐਨੇ ਨੂੰ ਪਿੱਪਲ ਦੇ ਪੱਤਿਆਂ ਵਿੱਚੋਂ ਕੋਈ ਆਵਾਜ਼ ਸੁਣਾਈ ਦਿੱਤੀ। ਉਸ ਆਵਾਜ਼ ਨੂੰ ਸੁਣਦਿਆਂ ਜੀਤ ਦੀ ਮਾਂ ਬੋਲੀ, ‘ਕੌਣ ਏਂ ਭਾਈ ਤੂੰ?’

‘ਚੌਕੀਦਾਰ।’

‘ਚੌਕੀਦਾਰ?’ ਦਿਨੇ ਕੀ ਕਰਦਾਂ ਐਥੇ?

‘ਮੈਂ ਗਲੀ ਮੁਹੱਲੇ ਪਹਿਰਾ ਨਹੀਂ ਦਿੰਦਾ। ਸੁਪਨਿਆਂ ’ਤੇ ਪਹਿਰਾ ਦਿੰਦਾ ਹਾਂ।’

‘ਕੀਹਦੇ ਸੁਪਨਿਆਂ ’ਤੇ ਪਹਿਰਾ ਦੇਣ ਆਇਆਂ ਤੂੰ ਐਥੇ।’

‘ਬਾਲਾਂ ਦੇ ਸੁਪਨਿਆਂ ’ਤੇ।’

‘ਕਿੱਥੇ ਨੇ ਬਾਲਾਂ ਦੇ ਸੁਪਨੇ?’

‘ਇਨ੍ਹਾਂ ਕਿਆਰੀਆਂ ਵਿੱਚ ਜੋ ਪੌਦੇ ਬਣ ਕੇ ਪੁੰਗਰੇ ਨੇ। ਤੁਹਾਡੇ ਬੱਚਿਆਂ ਦੇ ਸੁਪਨੇ ਹਨ।’ ਆਵਾਜ਼ ਆਈ।

‘ਜੁਆਕ ਤੇਰੇ ਨੇ ਕਿ ਸਾਡੇ?’ ਜੀਤ ਦੀ ਮੰਮੀ ਨੇ ਪੁੱਛਿਆ।

‘ਇਨ੍ਹਾਂ ਦੀ ਪਹਿਲੀ ਮਾਂ ਪ੍ਰਕਿਰਤੀ ਹੈ।’

“ਮੈਨੂੰ ਤਾਂ ਤੂੰ ਕੋਈ ਕਮਲਾ ਲੱਗਦਾ। ਗੰਦੇ ਪਾਣੀ ਵਿੱਚ ਲਿਬੜਣ ’ਤੇ ਇਨ੍ਹਾਂ ਨੂੰ ਜੇ ਕੋਈ ਰੋਗ ਲੱਗ ਗਿਆ। ਦਵਾਈ ਤੂੰ ਦੇਵੇਂਗਾ?’ ਜੀਤ ਦੀ ਮਾਂ ਨੇ ਸੁਆਲ ਕੀਤਾ।

‘ਸਕੂਲ ਨਹੀਂ ਜਾਣਗੇ ਤਾਂ ਅਕਲ ਕਿਵੇਂ ਆਊ ਇਨ੍ਹਾਂ ਨੂੰ ?’ ਬੀਰ੍ਹੇ ਦੀ ਮਾਂ ਵੀ ਬੋਲ ਪਈ।

‘ਬੋਲੀ ਤੋਂ ਤਾਂ ਤੂੰ ਬਜ਼ੁਰਗ ਲੱਗਦਾਂ, ਪਰ ਗ਼ਲਤ ਗੱਲਾਂ ਦੀ ਵਕਾਲਤ ਨਹੀਂ ਕਰੀਦੀ।’ ਜ਼ੈਲੀ ਦੀ ਮਾਂ ਨੇ ਕਿਹਾ। ਦੇਖਦੇ ਦੇਖਦੇ ਜੀਤ ਦੀ ਮਾਂ ਉੱਠੀ ਅਤੇ ਕਿਆਰੀ ਦੀ ਪੈਰ ਮਾਰ ਕੇ ਵੱਟ ਢਾਹ ਆਈ। ਜ਼ੈਲੀ ਦੀ ਮਾਂ ਨੇ ਪੌਦਿਆਂ ਉੱਪਰੋਂ ਝਿੰਗਾਂ ਵਗਾਹ ਮਾਰੀਆਂ। ਝਿੰਗਾਂ ਦੇ ਕੰਡਿਆਂ ਵਿੱਚ ਬੀਰ੍ਹੇ ਦੀ ਮਾਂ ਦੀ ਚੁੰਨੀ ਉਲਝ ਗਈ। ਉਹ ਖੇਤ ਵਿੱਚੋਂ ਉੱਗੇ ਪੌਦੇ ਪੁੱਟਣ ਲੱਗੀ ਸੀ। ਉਸ ਦੇ ਪੈਰ ’ਤੇ ਕੋਈ ਕੀੜਾ ਦੰਦੀ ਵੱਢ ਗਿਆ। ਉਹ ਤਾਂ ਲੱਗੀ ਚੀਕਾਂ ਮਾਰਨ। ਬੋਲੀ, ‘ਓਏ ਬੀਰ੍ਹੇ! ਮਾਂ ਮਰੀ ’ਤੇ ਹੀ ਆਈਂ ਹੁਣ।’ ਗੰਨਿਆਂ ਦੇ ਖੇਤ ਵਿੱਚ ਲੁਕੇ ਤਿੰਨੇ ਬਾਹਰ ਨਿਕਲ ਆਏ। ਉਨ੍ਹਾਂ ਨੂੰ ਦੇਖਦੇ ਸਾਰ ਕਾਕੂ ਦੌੜ ਗਿਆ। ਮਾਵਾਂ ਨੇ ਆਪੋ ਆਪਣੇ ਜੁਆਕਾਂ ਨੂੰ ਕੰਨਾਂ ਤੋਂ ਫੜਿਆ ਅਤੇ ਘਰਾਂ ਨੂੰ ਤੁਰ ਪਈਆਂ। ਤੁਰਨ ਵੇਲੇ ਉਹੀ ਆਵਾਜ਼ ਫੇਰ ਸੁਣਾਈ ਦਿੱਤੀ, ‘ਬਾਲਾਂ ਦੇ ਸੁਪਨੇ ਨਹੀਂ ਉਜਾੜੀਦੇ। ਕੁਦਰਤ ਨਾਰਾਜ਼ ਹੋ ਜਾਂਦੀ ਹੈ। ਇਹੀ ਜੁਆਕ ਕੱਲ੍ਹ ਨੂੰ ਨਵੇਂ ਢੰਗ ਵਰਤ ਕੇ ਤੁਹਾਡੇ ਖੇਤਾਂ ਦੀ ਨੁਹਾਰ ਬਦਲ ਦੇਣਗੇ।’

‘ਪਰ ਤੂੰ ਇਨ੍ਹਾਂ ਨੂੰ ਐਨਾ ਤਾਂ ਸਮਝਾਈਂ ਕਿ ਸਕੂਲ ਤਾਂ ਚਲੇ ਜਾਇਆ ਕਰਨ।’ ਜੀਤ ਦੀ ਮਾਂ ਨੇ ਚੌਕੀਦਾਰ ਤੋਂ ਮਦਦ ਮੰਗੀ। ‘ਮੈਂ ਇਨ੍ਹਾਂ ਦੇ ਸੁਪਨਿਆਂ ਵਿੱਚ ਆਵਾਂਗਾ ਤੇ ਇਨ੍ਹਾਂ ਨੂੰ ਸਮਝਾ ਦਿਆਂਗਾ।’

‘ਤੂੰ ਆਪਣੇ ਆਪ ਨੂੰ ਚੌਕੀਦਾਰ ਕਹਿੰਦਾ ਹੈ ਤਾਂ ਨਿਗ੍ਹਾ ਰੱਖਿਆ ਕਰ ਇਨ੍ਹਾਂ ’ਤੇ।’

ਬੀਰ੍ਹੇ ਦੀ ਮਾਂ ਨੇ ਕਿਹਾ। ਜੀਤ ਦੀ ਮਾਂ ਦਾ ਤਾਂ ਗਲ਼ਾ ਭਰ ਆਇਆ। ਉਨ੍ਹਾਂ ਨੇ ਦੇਖਿਆ ਕਿ ਉਹ ਤਾਂ ਅਨਜਾਣ ਆਵਾਜ਼ ਨਾਲ ਗੱਲਾਂ ਕਰਦੀਆਂ ਕਰਦੀਆਂ ਜੀਤ ਦੇ ਘਰ ਕੋਲ ਪਹੁੰਚ ਗਈਆਂ ਸਨ। ਜੀਤ ਦੀ ਮਾਂ ਨੇ ਘਰ ਅੰਦਰ ਵੜਦਿਆਂ ਦੋਹਾਂ ਨੂੰ ਚਾਹ ਪੀਕੇ ਜਾਣ ਦੀ ਸੁਲ੍ਹਾ ਮਾਰੀ, ਪਰ ਉਹ ਕੰਮ ਪਿਆ ਹੋਣ ਦਾ ਰੋਣਾਂ ਰੋਂਦੀਆਂ ਆਪੋ ਆਪਣੇ ਘਰਾਂ ਵੱਲ ਤੁਰ ਪਈਆਂ ਸਨ।

ਸੰਪਰਕ: 97806-67686