ਬਾਰਸੀਲੋਨਾ:ਰਾਫੇਲ ਨਡਾਲ ਨੇ ਆਪਣੇ 111ਵੀਂ ਰੈਂਕਿੰਗ ਦੇ ਵਿਰੋਧੀ ਖ਼ਿਲਾਫ਼ ਤਿੰਨ ਸੈੱਟ ਵਿੱਚ ਜਿੱਤ ਦਰਜ ਕਰ ਕੇ ਬਾਰਸੀਲੋਨਾ ਓਪਨ ਟੈਨਿਸ ਟੂਰਨਾਮੈਂਟ ਵਿੱਚ ਅਗਲੇ ਦੌਰ ’ਚ ਜਗ੍ਹਾ ਬਣਾ ਲਈ ਹੈ ਜਦਕਿ ਫੈਬੀਓ ਫੋਗਨੀਨੀ ਨੂੰ ਕਥਿਤ ਤੌਰ ’ਤੇ ਅਪਸ਼ਬਦ ਵਰਤਣ ਲਈ ਅਯੋਗ ਕਰਾਰ ਦਿੱਤਾ ਗਿਆ ਹੈ। ਫੋਗਨੀਨੀ ਉਸ ਸਮੇਂ ਸਪੇਨ ਦੇ ਕੁਆਲੀਫਾਇਰ ਜੇਤੂ ਮੀਰਾਲੇਸ ਖ਼ਿਲਾਫ਼ 6-0,4-4 ਨਾਲ ਪਿੱਛੇ ਚੱਲ ਰਿਹਾ ਸੀ, ਜਦੋਂ ਲਾਈਨ ਜੱਜ ਨੇ ਅੰਪਾਇਰ ਨੂੰ ਦੱਸਿਆ ਕਿ ਉਸ ਨੇ ਭੱਦੇ ਸ਼ਬਦ ਵਰਤੇ ਹਨ। ਫੋਗਨੀਨੀ ਨੇ ਇਸ ਦਾ ਖੰਡਨ ਕੀਤਾ ਤੇ ਜਦੋਂ ਉਸ ਨੂੰ ਅਯੋਗ ਐਲਾਨਿਆ ਗਿਆ ਤਾਂ ਉਹ ਨਿਰਾਸ਼ ਹੋ ਗਿਆ। ਗੁੱਸੇ ’ਚ ਉਸ ਨੇ ਆਪਣਾ ਰੈਕੇਟ ਵੀ ਤੋੜ ਦਿੱਤਾ। ਨਡਾਲ ਨੇ ਇਸ ਕਲੇਅ-ਕੋਰਟ ਟੂਰਨਾਮੈਂਟ ਦੇ ਪਹਿਲੇ ਦੌਰ ਵਿੱਚ ਬੇਲਾਰੂਸ ਦੇ ਇਲੀਆ ਇਵਾਸ਼ਕਾ ਨੂੰ 3-6, 6-2, 6-4 ਨਾਲ ਹਰਾਇਆ। ਦੋ ਵਾਰ ਬਾਰਸੀਲੋਨਾ ਚੈਂਪੀਅਨ ਰਿਹਾ ਨਡਾਲ ਅਗਲੇ ਦੌਰ ’ਚ ਜਾਪਾਨ ਦੇ ਕੇਈ ਨਿਸ਼ੀਕੋਰੀ ਨਾਲ ਭਿੜੇਗਾ।